ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਗੈਂਗਸਟਰਾਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪਾਸਪੋਰਟ ਮੁਹੱਈਆ ਕਰਵਾ ਕੇ ਫਰਾਰ ਹੋਣ ‘ਚ ਮੱਦਦ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਮੁਹਾਲੀ ਸਥਿਤ ਪੰਜਾਬ ਪੁਲੀਸ ਸਟੇਸ਼ਨ ਸਟੇਟ ਕਰਾਈਮ ਥਾਣੇ ‘ਚ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਆਖਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਓਂਕਾਰ ਸਿੰਘ ਵਾਸੀ ਪਿੰਡ ਕਾਕੀ ਜ਼ਿਲ੍ਹਾ ਜਲੰਧਰ, ਸੁਖਜਿੰਦਰ ਸਿੰਘ ਉਰਫ ਸ਼ਾਰਪੀ ਘੁੰਮਣ ਵਾਸੀ ਪਿੰਡ ਕਰਹਾਲੀ ਜ਼ਿਲ੍ਹਾ ਪਟਿਆਲਾ ਅਤੇ ਪ੍ਰਭਜੋਤ ਸਿੰਘ ਬਹੇੜੀ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਸੁਖਜਿੰਦਰ ਸਿੰਘ ਉਰਫ ਸ਼ਾਰਪੀ ਘੁੰਮਣ ਪੰਜਾਬੀ ਗਾਇਕ ਕਰਨ ਔਜਲਾ ਦਾ ਕਥਿਤ ਮੈਨੇਜਰ ਦੱਸਿਆ ਜਾ ਰਿਹਾ ਹੈ। ਡੀ.ਜੀ.ਪੀ. ਯਾਦਵ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਗੈਂਗਸਟਰਾਂ ਦੇ ਜਾਅਲੀ ਪਾਸਪੋਰਟਾਂ ਦੀਆਂ ਕਈ ਫੋਟੋ ਕਾਪੀਆਂ ਸਣੇ 9 ਪਾਸਪੋਰਟ ਜ਼ਬਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ/ਅਪਰਾਧੀਆਂ ਨੂੰ ਦੇਸ਼ ਤੋਂ ਭੱਜਣ ‘ਚ ਮੱਦਦ ਕਰਨ ਲਈ ਜਾਅਲੀ ਵੇਰਵਿਆਂ ਦੀ ਵਰਤੋਂ ਕਰਕੇ ਪਾਸਪੋਰਟ ਤਿਆਰ ਕਰਨ ‘ਚ ਅੰਤਰਰਾਜੀ ਟਰੈਵਲ ਏਜੰਟਾਂ ਦੀ ਸ਼ਮੂਲੀਅਤ ਸਬੰਧੀ ਮਿਲੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਾਲੀ ਅਤੇ ਏ.ਆਈ.ਜੀ. ਸੰਦੀਪ ਗੋਇਲ ਅਧੀਨ ਏ.ਜੀ.ਟੀ.ਐੱਫ. ਟੀਮਾਂ ਨੇ ਰਾਤ ਭਰ ਚੱਲੇ ਅਪਰੇਸ਼ਨ ਦੌਰਾਨ ਇਸ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਸ ਗਰੋਹ ਦੇ ਦਿੱਲੀ, ਯੂ.ਪੀ., ਕੋਲਕਾਤਾ, ਗੁਜਰਾਤ ਅਤੇ ਮਹਾਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ‘ਚ ਸਬੰਧ ਸਨ। ਡੀ.ਜੀ.ਪੀ. ਨੇ ਕਿਹਾ ਕਿ ਪੁਲੀਸ ਟੀਮਾਂ ਨੇ ਇਸ ਗਰੋਹ ਨਾਲ ਜੁੜੇ ਪੰਜ ਹੋਰ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਬੁਲਾਇਆ ਹੈ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਓਂਕਾਰ ਨੇ ਖੁਲਾਸਾ ਕੀਤਾ ਕਿ ਉਸ ਨੇ ਗੈਂਗਸਟਰ ਵਰਿੰਦਰਪਾਲ ਸਿੰਘ ਉਰਫ ਵੀਨਾ ਬੁੱਟਰ (ਬੰਬੀਹਾ ਗੈਂਗ) ਤੇ ਜਸਵਿੰਦਰ ਸਿੰਘ ਉਰਫ ਖੱਟੂ (ਧਰਮਿੰਦਰ ਗੁਗਨੀ ਗੈਂਗ) ਲਈ ਫ਼ਰਜ਼ੀ ਪਾਸਪੋਰਟ ਬਣਾਏ ਸਨ ਤਾਂ ਜੋ ਦੇਸ਼ ਛੱਡ ਕੇ ਭੱਜਣ ‘ਚ ਉਨ੍ਹਾਂ ਦੀ ਮੱਦਦ ਕੀਤੀ ਜਾ ਸਕੇ। ਪ੍ਰਭਜੋਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਇਕ ਸਾਥੀ ਚਰਨਜੀਤ ਸਿੰਘ ਉਰਫ਼ ਬਰੇਲੀ (ਜਿਸ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ) ਨੇ ਮੈਕਸੀਕੋ ਤੋਂ ਹਾਲ ਹੀ ‘ਚ ਡਿਪੋਰਟ ਕੀਤੇ ਗਏ ਗੈਂਗਸਟਰ ਦੀਪਕ ਬਾਕਸਰ ਲਈ ਫ਼ਰਜ਼ੀ ਪਾਸਪੋਰਟ ਬਣਾਇਆ ਸੀ। ਮੁਲਜ਼ਮ ਸੁਖਜਿੰਦਰ ਸਿੰਘ ਉਰਫ਼ ਸ਼ਾਰਪੀ ਘੁੰਮਣ ਨੇ ਦੱਸਿਆ ਕਿ ਉਸ ਨੇ ਅਜਨਾਲਾ ਦੇ ਦੀਪਇੰਦਰ ਸਿੰਘ ਉਰਫ਼ ਦੀਪੂ, ਜੋ ਭਗੌੜੇ ਗੈਂਗਸਟਰ ਹੈਰੀ ਚੱਠਾ ਦਾ ਕਰੀਬੀ ਸਾਥੀ ਹੈ, ਲਈ ਫ਼ਰਜ਼ੀ ਪਾਸਪੋਰਟ ਬਣਾਇਆ ਸੀ।