ਨਾਭਾ ਪੁਲੀਸ ਨੇ ਫ਼ੈਜ਼ਗੜ੍ਹ ਪਿੰਡ ‘ਚ ਇਕ 50 ਸਾਲਾ ਮਹਿਲਾ ਦੀ ਲਾਸ਼ ਬਰਾਮਦ ਕੀਤੀ ਜੋ ਕਿ ਦੋ ਦਿਨ ਪਹਿਲਾਂ ਉਸਦੇ ਪੁੱਤਰ ਵੱਲੋਂ ਹੀ ਕਤਲ ਕੀਤੇ ਜਾਣ ਮਗਰੋਂ ਕਮਰੇ ‘ਚ ਦਫ਼ਨਾ ਦਿੱਤੀ ਗਈ ਸੀ। ਪੁਲੀਸ ਮੁਤਾਬਕ ਮੁਲਜ਼ਮ ਸਾਬਰ ਅਲੀ ਉਮਰ 22 ਸਾਲ ਨੇ ਆਪਣੇ ਚਾਚੇ ਦੇ ਮੁੰਡੇ ਨੂੰ ਇਸ ਬਾਰੇ ਆਪ ਹੀ ਦੱਸਿਆ। ਨਾਭਾ ਡੀ.ਐੱਸ.ਪੀ. ਦਵਿੰਦਰ ਅਤਰੀ ਨੇ ਦੱਸਿਆ ਕਿ ਤਹਿਸੀਲਦਾਰ ਦੀ ਹਾਜ਼ਰੀ ‘ਚ ਲਾਸ਼ ਨੂੰ ਜ਼ਮੀਨ ‘ਚੋਂ ਕੱਢਿਆ ਗਿਆ ਤੇ ਸਾਬਰ ਅਲੀ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਮੁਤਾਬਕ ਸਾਬਰ ਅਲੀ ਆਪਣੀ ਮਾਤਾ ਕੋਲੋਂ ਜਾਇਦਾਦ ਦੀ ਮੰਗ ਕਰ ਰਿਹਾ ਸੀ ਤੇ ਗੁੱਸੇ ‘ਚ ਉਸਨੇ ਆਪਣੀ ਮਾਂ ਕਿਰਨਾ ਰਾਣੀ ਦੀ ਕੁਹਾੜੀ ਨਾਲ ਹੱਤਿਆ ਕਰ ਦਿੱਤੀ ਤੇ ਫਿਰ ਲਾਸ਼ ਨੂੰ ਉਸਦੇ ਕਮਰੇ ‘ਚ ਹੀ ਦਫਨਾ ਦਿੱਤਾ। ਪਿੰਡ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਰਨਾ ਰਾਣੀ ਤੇ ਉਸਦਾ ਪੁੱਤਰ ਸਾਬਰ ਅਲੀ ਲਗਭਗ 15-20 ਸਾਲ ਪਹਿਲਾਂ ਇਸ ਪਿੰਡ ‘ਚ ਦੂਜੇ ਵਿਆਹ ਮਗਰੋਂ ਆਏ ਸਨ। ਪਰ ਸਾਬਰ ਅਲੀ ਜ਼ਿਆਦਾਤਰ ਆਪਣੇ ਨਾਨਕੇ ਹੀ ਰਹਿੰਦਾ ਸੀ ਤੇ ਪਿੰਡ ‘ਚ ਉਸਦਾ ਕੋਈ ਖ਼ਾਸ ਸਹਿਚਾਰ ਨਹੀਂ ਹੈ। ਕੁਝ ਸਾਲ ਪਹਿਲਾਂ ਕਿਰਨਾ ਦੇ ਦੂਜੇ ਪਤੀ ਕਾਕਾ ਖਾਨ ਦੀ ਵੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਤੇ ਕਿਰਨਾ ਘਰ ‘ਚ ਇਕੱਲੀ ਹੀ ਰਹਿੰਦੀ ਸੀ ਤੇ ਕਾਕਾ ਖਾਨ ਦਾ ਪਹਿਲੇ ਵਿਆਹ ਤੋਂ ਪੁੱਤਰ ਵੀ ਆਪਣੇ ਤਾਏ ਕੋਲ ਰਹਿਣ ਲੱਗ ਗਿਆ ਸੀ। ਡੀ.ਐੱਸ.ਪੀ. ਅਤਰੀ ਨੇ ਦੱਸਿਆ ਕਿ ਕਾਕਾ ਖਾਨ ਛੇ ਕਿੱਲੇ ਜ਼ਮੀਨ ਆਪਣੇ ਪਹਿਲੇ ਪੁੱਤਰ ਦੇ ਨਾਮ ਕਰ ਗਿਆ ਸੀ ਤੇ ਕਿਰਨਾ ਕੋਲ ਘਰ ਤੋਂ ਇਲਾਵਾ ਇਕ ਵਿੱਘੇ ਦੇ ਕਰੀਬ ਹੀ ਜ਼ਮੀਨ ਸੀ।