ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾਈ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੋਲਾ-ਮਹੱਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਜੈਕਾਰਿਆਂ ਦੀ ਗੂੰਜ ‘ਚ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਦੌਰਾਨ ਲੱਖਾਂ ਦੀ ਗਿਣਤੀ ‘ਚ ਸੰਗਤ ਦੇਸ਼ ਤੋਂ ਹੀ ਨਹੀਂ ਵਿਦੇਸ਼ ਤੋਂ ਵੀ ਸ਼ਾਮਲ ਹੋਈ। ਮਹੱਲਾ ਇਕ ਨਗਰ ਕੀਰਤਨ ਦੇ ਰੂਪ ‘ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਕੱਢਿਆ ਗਿਆ ਜਿਸ ਵਿੱਚ ਨਿਹੰਗ ਸਿੰਘ ਪੁਰਾਤਨ ਬਾਣੇ ‘ਚ ਇਸ ਨਗਰ ਕੀਰਤਨ ‘ਚ ਸ਼ਾਮਲ ਹੋਏ। ਪੂਰਾ ਅਨੰਦਪੁਰ ਸਾਹਿਬ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਤੀਸਰੇ ਦਿਨ ਖਾਲਸਾ ਪੰਥ ਦੇ ਜਨਮ ਅਸਥਾਨ ‘ਤੇ ਬਾਅਦ ਦੁਪਹਿਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ‘ਚ ਸੰਗਤਾਂ ਦਾ ਅਲੌਕਿਕ ਠਾਠਾਂ ਮਾਰਦਾ ਇਕੱਠ ਨਗਰ ਕੀਰਤਨ ਦੇ ਰੂਪ ‘ਚ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਪੂਰੇ ਸ਼ਹਿਰ ਤੋਂ ਗੁਜ਼ਰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਸਮਾਪਤ ਹੋਇਆ, ਜਿੱਥੇ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ , ਤਰਨਾ ਦਲ, ਬਿਧੀ ਚੰਦੀਏ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵੱਲੋਂ ਚਲਾਈ ਗਈ ਪ੍ਰਥਾ ਅਨੁਸਾਰ ਨਿਹੰਗ ਸਿੰਘਾਂ ਵੱਲੋਂ ਗੱਤਕਾ, ਘੋੜ ਸਵਾਰੀ, ਨੇਜਾਬਾਜ਼ੀ ਅਤੇ ਹੋਰ ਮਾਰਸ਼ਲ ਆਰਟ ਦੇ ਜੌਹਰ ਦਿਖਾਏ ਜਾਂਦੇ ਹਨ। ਪੂਰਾ ਚਰਨ ਗੰਗਾ ਸਟੇਡੀਅਮ ਰੰਗ-ਬਿਰੰਗੇ ਬਾਣੇ ਤੇ ਰੰਗਾਂ ਦੇ ਨਾਲ ਦਿਲਕਸ਼ ਨਜ਼ਾਰਾ ਪੇਸ਼ ਕਰ ਰਿਹਾ ਸੀ। ਹੋਲੇ-ਮਹੱਲੇ ਦਾ ਤਿਉਹਾਰ ਸਿੱਖ ਜਗਤ ‘ਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਖਾਲਸਾ ਪੰਥ ‘ਚ ਵੀਰ ਰਸ ਭਰਨ ਵਾਸਤੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1700 ਈਸਵੀ ਦੀ ਵਿਸਾਖ ਦੇ ਮੌਕੇ ਪੰਜ ਪਿਆਰਿਆਂ ਦੀ ਚੋਣ ਕਰਕੇ ਅੰਮ੍ਰਿਤ ਦੀ ਬਖਸ਼ਿਸ਼ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖਾਲਸੇ ‘ਚ ਵੀਰ ਰਸ ਭਰਨ ਵਾਸਤੇ ਹੋਲੇ-ਮਹੱਲੇ ਮੌਕੇ ਘੋੜ ਸਵਾਰੀ, ਗੱਤਕਾ, ਨੇਜੇਬਾਜ਼ੀ, ਤੀਰ ਅੰਦਾਜ਼ੀ ਤੇ ਹੋਰ ਸ਼ਸਤਰਾਂ ਦਾ ਅਭਿਆਸ ਕਰਵਾਇਆ ਜਾਂਦਾ ਸੀ। ਦਸਮ ਪਾਤਸ਼ਾਹ ਦੀ ਚਲਾਈ ਹੋਈ ਰੀਤ ਮੁਤਾਬਕ ਧਰਮ ਅਤੇ ਦੇਸ਼ ਦੀ ਰੱਖਿਆ ਤੇ ਵੀਰਤਾ ਨੂੰ ਕਾਇਮ ਰੱਖਣ ਲਈ ਅੱਜ ਵੀ ਹੋਲਾ-ਮਹੱਲਾ ਮਨਾਇਆ ਜਾਂਦਾ ਹੈ। ਇਸ ਮੌਕੇ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਖਾਲਸਾਈ ਰੰਗ ‘ਚ ਰੰਗੀ ਹੋਈ ਦਿਖਾਈ ਦਿੱਤੀ, ਉਥੇ ਹੀ ਕੇਸਰੀ ਦਸਤਾਰਾਂ ਨਾਲ ਸਿੰਘ ਸਜੇ ਹੋਏ ਦਿਖਾਈ ਦਿੱਤੇ। ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ‘ਚ ਜਿੱਥੇ ਹੋਲਾ-ਮਹੱਲਾ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, ਉਥੇ ਹੀ ਜੈਕਾਰਿਆਂ ਦੀ ਗੂੰਜ ‘ਚ ਹੋਲੇ-ਮਹੱਲੇ ਦੀ ਸਮਾਪਤੀ ਹੋ ਗਈ।