ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ ‘ਚ ਪੰਜਾਬੀ ਮੂਲ ਦੇ ਸਿਆਸਤਦਾਨ ਮੰਤਰੀ ਬਣੇ ਹਨ। ਇਨ੍ਹਾਂ ‘ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਣ ‘ਚ ਜਨਮੇ ਜਗਰੂਪ ਸਿੰਘ ਬਰਾੜ ਅਤੇ ਜਗਰਾਉਂ ਨੇੜਲੇ ਪਿੰਡ ਭੰਮੀਪੁਰਾ ਦੇ ਪਿਛੋਕੜ ਵਾਲੀ ਰਚਨਾ ਸਿੰਘ ਵੀ ਸ਼ਾਮਲ ਹਨ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਨੂੰ ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ‘ਚ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਨਵੇਂ ਮੰਤਰੀ ਮੰਡਲ ਨੇ ਵਿਕਟੋਰੀਆ ਦੇ ਸਰਕਾਰੀ ਹਾਊਸ ‘ਚ ਸਹੁੰ ਚੁੱਕੀ। ਇਨ੍ਹਾਂ ਦੋਹਾਂ ਤੋਂ ਇਲਾਵਾ ਹੈਰੀ ਬੈਂਸ ਅਤੇ ਰਵੀ ਕਾਹਲੋਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਪੰਜਾਬੀ ਮੂਲ ਦੀ ਨਿੱਕੀ ਸ਼ਰਮਾ ਨੂੰ ਬੀ.ਸੀ. ਸਰਕਾਰ ਦੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਆਪਣੀ ਬਦਲੀ ਹੋਈ ਕੈਬਨਿਟ ‘ਚ ਨਵੇਂ ਅਤੇ ਪੁਰਾਣੇ ਚਿਹਰਿਆਂ ਨੂੰ ਨਿਯੁਕਤ ਕੀਤਾ। ਨਵੀਂ ਕੈਬਨਿਟ 23 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੀ ਬਣੀ ਹੋਈ ਹੈ। ਇਸ ਵਜ਼ਾਰਤ ‘ਚ ਭਾਰਤੀ ਮੂਲ ਦੇ 5 ਵਿਧਾਇਕਾਂ ਨੂੰ ਥਾਂ ਮਿਲੀ ਹੈ। ਪ੍ਰੀਮੀਅਰ ਨੇ ਆਪਣੀ ਅਗਵਾਈ ਵਾਲੀ ਮੁਹਿੰਮ ਦੇ ਸਹਿ-ਪ੍ਰਧਾਨ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਹੈ। ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ ਬੈਂਸ ਨੂੰ ਲੇਬਰ ਮੰਤਰੀ ਅਤੇ ਜਗਰੂਪ ਬਰਾੜ ਨੂੰ ਟਰੇਡ ਰਾਜ ਮੰਤਰੀ ਅਤੇ ਨਿਕੀ ਸ਼ਰਮਾ ਨੂੰ ਅਟਾਰਨੀ ਜਨਰਲ ਨਿਯੁਕਤ ਕੀਤਾ ਹੈ। ਰਵੀ ਕਾਹਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ‘ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਅਤੇ ਸਰਕਾਰੀ ਹਾਊਸ ਲੀਡਰ ਵਜੋਂ ਨਾਮਿਤ ਹੋਣਾ ਸਨਮਾਨ ਦੀ ਗੱਲ ਹੈ। ਪ੍ਰੀਮੀਅਰ ਡੇਵਿਡ ਏਬੀ ਨੇ ਹਾਊਸਿੰਗ ਨੂੰ ਆਪਣੀ ਪਹਿਲੀ ਤਰਜੀਹ ਬਣਾਇਆ ਹੈ। ਮੈਂ ਬੀ.ਸੀ. ਦੇ ਲੋਕਾਂ ਲਈ ਕੰਮ ਕਰਨ ਲਈ ਤਿਆਰ ਹਾਂ।’ ਉਥੇ ਹੀ ਹੈਰੀ ਬੈਂਸ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ, ‘ਅੱਜ ਸਵੇਰੇ ਇਕ ਵਾਰ ਫਿਰ ਲੇਬਰ ਮੰਤਰੀ ਵਜੋਂ ਸਹੁੰ ਚੁੱਕਣ ਲਈ ਮੈਂ ਬਹੁਤ ਧੰਨਵਾਦੀ ਹਾਂ। ਅਸੀਂ ਬੀ.ਸੀ. ‘ਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ ਜਿਵੇਂ ਕਿ ਪੇਡ ਸਿੱਕ ਲੀਵ, ਘੱਟੋ-ਘੱਟ ਉਜਰਤ ‘ਚ ਵਾਧਾ ਕਰਨਾ, ਆਪਣੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਾਪਸ ਭੇਜਣਾ, ਆਦਿ। ਅਸੀਂ ਅਜੇ ਵੀ ਬਹੁਤ ਕੁਝ ਕਰਨਾ ਹੈ।’ ਜਗਰੂਪ ਬਰਾੜ ਨੇ ਲਿਖਿਆ, ‘ਮੈਂ ਵਪਾਰ ਰਾਜ ਮੰਤਰੀ ਵਜੋਂ ਨਿਯੁਕਤ ਹੋਣ ‘ਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਪ੍ਰੀਮੀਅਰ ਡੇਵਿਡ ਏਬੀ ਮੇਰੇ ਅਤੇ ਮੇਰੇ ਕੈਬਨਿਟ ਸਾਥੀਆਂ ‘ਤੇ ਭਰੋਸਾ ਰੱਖਣ ਲਈ ਤੁਹਾਡਾ ਧੰਨਵਾਦ। ਮੈਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਕੰਮ ਕਰਨ ਲਈ ਉਤਸ਼ਾਹਿਤ ਹਾਂ।’