ਕੈਲੀਫੋਰਨੀਆ ਦੀ ਸੈਨੇਟ ਜੁਡੀਸ਼ਰੀ ਕਮੇਟੀ ਨੇ ਉਸ ਬਿੱਲ ਉਤੇ ਸਰਬਸੰਮਤੀ ਨਾਲ ਸਹੀ ਪਾ ਦਿੱਤੀ ਹੈ ਜਿਸ ‘ਚ ਜਾਤੀ ਆਧਾਰਤ ਪੱਖਪਾਤ ‘ਤੇ ਪਾਬੰਦੀ ਲਾਉਣ ਅਤੇ ਇਸ ਨੂੰ ਗੈਰਕਾਨੂੰਨੀ ਐਲਾਨਣ ਦੀ ਤਜਵੀਜ਼ ਰੱਖੀ ਗਈ ਹੈ। ਹਾਲਾਂਕਿ ਇਸ ਦਾ ਭਾਰਤੀ-ਅਮਰੀਕਨ ਕਾਰੋਬਾਰੀ ਤੇ ਮੰਦਰ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਕਮੇਟੀ ਨੇ ਸਰਬਸੰਮਤੀ ਨਾਲ ਜਾਤੀ ਪੱਖਪਾਤ ਵਿਰੋਧੀ ਬਿੱਲ ਨੂੰ ਪਾਸ ਕਰ ਕੇ ਇਸ ਨੂੰ ਸੈਨੇਟ ਕੋਲ ਮਨਜ਼ੂਰੀ ਲਈ ਭੇਜ ਦਿੱਤਾ। ਇਹ ਪਹਿਲੀ ਵਾਰ ਹੋਵੇਗਾ ਕਿ ਅਮਰੀਕਾ ਦੀ ਸੂਬਾਈ ਵਿਧਾਨਪਾਲਿਕਾ ਜਾਤੀ ਬਾਰੇ ਕਿਸੇ ਕਾਨੂੰਨ ‘ਤੇ ਵਿਚਾਰ ਕਰੇਗੀ। ਜੇ ਇਹ ਬਿੱਲ ਪਾਸ ਹੁੰਦਾ ਹੈ ਤਾਂ ਅਮਰੀਕਾ ਦੇ ਇਸ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਚ ਜਾਤੀ ਪੱਖਪਾਤ ਗੈਰਕਾਨੂੰਨੀ ਹੋ ਜਾਵੇਗਾ। ਅਮਰੀਕਾ ਵਿਚ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਕੈਲੀਫੋਰਨੀਆ ਪਹਿਲਾ ਸੂਬਾ ਹੋਵੇਗਾ। ਇਸ ਤਹਿਤ ਜਾਤੀ ਪੱਖਪਾਤ ਨੂੰ ਰਾਜ ਦੇ ਪੱਖਪਾਤ ਵਿਰੋਧੀ ਕਾਨੂੰਨਾਂ ‘ਚ ਸ਼ਾਮਲ ਕੀਤਾ ਜਾਣਾ ਹੈ। ‘ਇਕੁਐਲਿਟੀ ਲੈਬਜ਼’ ਨਾਲ ਸਬੰਧਤ ਤੇ ‘ਦਿ ਟਰੌਮਾ ਆਫ ਕਾਸਟ’ ਦੀ ਲੇਖਿਕਾ ਟੀ. ਸੌਂਦਰਾਰਾਜਨ ਨੇ ਕਿਹਾ, ‘ਅੱਜ, ਮੈਂ ਜਾਤੀ ਦਮਨ ਦਾ ਸ਼ਿਕਾਰ ਹੋਏ ਆਪਣੀ ਲੋਕਾਂ ਨਾਲ, ਜਾਤੀ ਬਰਾਬਰਤਾ ਦੀ ਮੁਹਿੰਮ ਨਾਲ ਜੁੜੇ ਸੰਗਠਨਾਂ ਅਤੇ ਹੋਰਾਂ ਸਾਥੀਆਂ ਨਾਲ ਇਕਜੁੱਟ ਹੋ ਕੇ ਖੜ੍ਹੀ ਹਾਂ ਅਤੇ ਇਹ ਕਹਿ ਸਕਦੀ ਹਾਂ ਕਿ ਕੈਲੀਫੋਰਨੀਆ ਵਾਸੀ ਹੁਣ ਉਸ ਸੁਰੱਖਿਅਤ ਘੇਰੇ ‘ਚ ਦਾਖਲ ਹੋਣ ਦੇ ਬਿਲਕੁਲ ਨੇੜੇ ਪਹੁੰਚ ਗਏ ਹਨ, ਜਿਸ ਦੇ ਉਹ ਹੱਕਦਾਰ ਹਨ।’ ਇਸ ਤੋਂ ਪਹਿਲਾਂ ਇਕ ਮੀਡੀਆ ਕਾਨਫਰੰਸ ‘ਚ ਉਨ੍ਹਾਂ ਕਿਹਾ ਕਿ ਇਹ ਬਿੱਲ 15 ਸਾਲਾਂ ਦੀ ਜਥੇਬੰਦਕ ਮੁਹਿੰਮ ਦਾ ਨਤੀਜਾ ਹੈ। ਇਸ ਬਿੱਲ ਦੀ ਸਖ਼ਤ ਲੋੜ ਹੈ ਕਿਉਂਕਿ ਕੈਲੀਫੋਰਨੀਆ ‘ਚ ਕਿਸੇ ਵੀ ਏਸ਼ਿਅਨ-ਅਮਰੀਕਨ ਭਾਈਚਾਰੇ ਨਾਲ ਪੱਖਪਾਤ ਦੀ ਦਰ ਸਭ ਤੋਂ ਵੱਧ ਹੈ। ਸਿਆਟਲ ‘ਚ ਪਾਸ ਕੀਤੇ ਗਏ ਮਤੇ ਪਿੱਛੇ ਵੀ ‘ਇਕੁਐਲਿਟੀ ਲੈਬਜ਼’ ਦਾ ਮਹੱਤਵਪੂਰਨ ਯੋਗਦਾਨ ਸੀ। ਇਹ ਸੰਗਠਨ ਪੂਰੇ ਦੇਸ਼ ‘ਚ ਇਸ ਮੁਹਿੰਮ ਨੂੰ ਚਲਾ ਰਿਹਾ ਹੈ। ਅਮਰੀਕਾ ‘ਚ ਜਾਤੀ ਆਧਾਰਤ ਪੱਖਪਾਤ ਨੂੰ ਗੈਰਕਾਨੂੰਨੀ ਬਣਾਉਣ ਵਾਲਾ ਸਿਆਟਲ ਪਹਿਲਾ ਸ਼ਹਿਰ ਹੈ। ‘ਡੈਮੋਕਰੈਕਿਟ ਚੇਅਰ ਆਫ ਪ੍ਰੋਗਰੈਸਿਵ ਕਾਕਸ’ ਅਮਰ ਸ਼ੇਰਗਿੱਲ ਨੇ ਕਿਹਾ ਕਿ ਕੈਲੀਫੋਰਨੀਆ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਕਿਸਮ ਦਾ ਪੱਖਪਾਤ ਜਾਂ ਹਿੰਸਾ ਬਰਦਾਸ਼ਤ ਨਹੀਂ ਕਰੇਗਾ। ਪਹਿਲੀ ਮੁਸਲਿਮ ਤੇ ਅਫਗ਼ਾਨ-ਅਮਰੀਕਨ ਸੈਨੇਟਰ ਆਇਸ਼ਾ ਵਹਾਬ ਨੇ ਪਿਛਲੇ ਮਹੀਨੇ ਇਹ ਬਿੱਲ ਰਾਜ ਵਿਧਾਨ ਸਭਾ ‘ਚ ਪੇਸ਼ ਕੀਤਾ ਸੀ।