ਦੁਨੀਆਂ ਦੇ ਹੋਰਨਾਂ ਮੁਲਕਾਂ ਵਾਂਗ ਇੰਗਲੈਂਡ ‘ਚ ਵੀ ਜਿਨਸੀ ਸ਼ੋਸ਼ਣ ਕਰਨ ਵਾਲੇ ਗਰੋਹ ਸਰਗਰਮ ਹਨ। ਪਰ ਬਰਤਾਨੀਆ ‘ਚ ਹੁਣ ਅਜਿਹੇ ਗਰੋਹਾਂ ਦੀ ਖੁੰਬ ਠੱਪਣ ਲਈ ਨਵੀਂ ਟਾਕਸ ਫੋਰਸ ਦਾ ਗਠਨ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਬੱਚਿਆਂ ਤੇ ਨੌਜਵਾਨ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਗਰੋਹਾਂ ਨੂੰ ਨੱਥ ਪਾਉਣ ਲਈ ਇਸ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਹੈ। ਸੂਨਕ ਨੇ ਸਿਆਸੀ ਮੁਫਾਦਾਂ ਕਰਕੇ ਅਜਿਹੇ ਅਪਰਾਧੀਆਂ ਖ਼ਿਲਾਫ਼ ਹੁਣ ਤੱਕ ਕਾਰਵਾਈ ਨਾ ਕੀਤੇ ਜਾਣ ਦੀ ਵੀ ਨਿਖੇਧੀ ਕੀਤੀ। ਇਸ ਨਵੀਂ ਟਾਸਕ ਫੋਰਸ ‘ਚ ਮਾਹਿਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜੋ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪੁਲੀਸ ਬਲਾਂ ਦੀ ਮਦਦ ਕਰਨਗੇ। ਸੂਨਕ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਕਿਹਾ ਸੀ ਕਿ ਅਜਿਹੇ ਅਪਰਾਧਾਂ ਦਾ ਸਾਜ਼ਿਸ਼ਘਾੜਾ ‘ਪੁਰਸ਼ਾਂ ਦਾ ਸਮੂਹ ਹੈ, ਜੋ ਲਗਪਗ ਸਾਰੇ ਬਰਤਾਨਵੀ ਪਾਕਿਸਤਾਨੀ’ ਹਨ, ਪਰ ਸਬੰਧਤ ਅਥਾਰਿਟੀਜ਼ ਨੇ ਠੇਸ ਨਾ ਪਹੁੰਚਾਉਣ ਦੇ ਆਪਣੇ ਰਵੱਈਏ ਤੇ ਇਸ ਖੌਫ਼ ਕਰਕੇ ਕਿ ਉਨ੍ਹਾਂ ਨੂੰ ਨਸਲੀ ਜਾਂ ਫਿਰ ਤਅੱਸਬੀ ਨਾ ਕਿਹਾ ਜਾਵੇ, ਜਿਨਸੀ ਸ਼ੋਸ਼ਣ ਦੇ ਇਨ੍ਹਾਂ ਸੰਕੇਤਾਂ ਨੂੰ ਲੈ ਕੇ ਅੱਖਾਂ ਮੀਟੀ ਰੱਖੀਆਂ। ਸੂਨਕ ਨੇ ਨਵੀਂ ਟਾਸਕ ਫੋਰਸ ਦੀ ਲਾਂਚ ਲਈ ਲੀਡਜ਼ ਤੇ ਮਾਨਚੈਸਟਰ ਦੀ ਆਪਣੀ ਤਜਵੀਜ਼ਤ ਫੇਰੀ ਤੋਂ ਪਹਿਲਾਂ ਇਕ ਬਿਆਨ ‘ਚ ਕਿਹਾ, ‘ਮਹਿਲਾਵਾਂ ਤੇ ਲੜਕੀਆਂ ਦੀ ਸੁਰੱਖਿਆ ਸਾਡੀ ਸਿਖਰਲੀ ਤਰਜੀਹ ਹੈ। ਸਿਆਸੀ ਮੁਫਾਦਾਂ ਕਰਕੇ ਕਿਸੇ ਸਮਾਜ ਜਾਂ ਸਿਆਸੀ ਧੜੇ ਨੂੰ ਸੱਟ ਨਾ ਮਾਰਨ ਦੇ ਰਵੱਈਏ ਨੇ ਸਾਨੂੰ ਇਨ੍ਹਾਂ ਨੀਚ ਅਪਰਾਧੀਆਂ, ਜੋ ਬੱਚਿਆਂ ਤੇ ਨੌਜਵਾਨ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ, ਖ਼ਿਲਾਫ਼ ਕਾਰਵਾਈ ਤੋਂ ਰੋਕਿਆ। ਅਸੀਂ ਇਨ੍ਹਾਂ ਖ਼ਤਰਨਾਕ ਗਰੋਹਾਂ ਦੀ ਪਛਾਣ ਕਰਨ ਲਈ ਕੋਈ ਕਸਰ ਨਹੀਂ ਛੱਡਾਂਗੇ।’ ਡਾਊਨਿੰਗ ਸਟਰੀਟ ਨੇ ਕਿਹਾ ਕਿ ਪੁਲੀਸ ਦੀ ਅਗਵਾਈ ਤੇ ਯੂ.ਕੇ. ਦੀ ਕੌਮੀ ਅਪਰਾਧ ਏਜੰਸੀ ਦੀ ਹਮਾਇਤ ਵਾਲੀ ਇਸ ਟਾਸਕ ਫੋਰਸ ‘ਚ ਉਨ੍ਹਾਂ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਨੂੰ ਅਜਿਹੇ ਗਰੋਹਾਂ ਨਾਲ ਪਹਿਲਾਂ ਵੀ ਸਿੱਝਣ ਦਾ ਤਜਰਬਾ ਹੋਵੇਗਾ। ਟਾਸਕ ਫੋਰਸ ਅਜਿਹੇ ਗਰੋਹਾਂ ਨੂੰ ਜੜ੍ਹੋਂ ਪੁੱਟਣ ਲਈ ਕੰਮ ਕਰੇਗੀ।