ਕਈ ਦੇਸ਼ਾਂ ‘ਚ ਅਣਕਿਆਸੀ ਬਰਫ਼ਬਾਰੀ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਹੁਣ ਜਾਪਾਨ ਦਾ ਨਾਂ ਵੀ ਇਸ ਸੂਚੀ ‘ਚ ਸ਼ਾਮਲ ਹੋ ਗਿਆ ਹੈ। ਬੁੱਧਵਾਰ ਸਵੇਰੇ ਭਾਰੀ ਬਰਫ਼ਬਾਰੀ ਕਾਰਨ 3 ਲੋਕਾਂ ਦੀ ਮੌਤ ਹੋ ਗਈ। ਮੁੱਖ ਕੈਬਨਿਟ ਸਕੱਤਰ ਹੀਰੋਕਾਜ਼ੂ ਮਾਤਸੁਨੋ ਨੇ ਦੱਸਿਆ ਕਿ ਰਿਪੋਰਟਾਂ ਮੁਤਾਬਕ ਬਰਫ਼ਬਾਰੀ ਕਾਰਨ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਦੋ ਹੋਰ ਲੋਕਾਂ ਦੀ ਮੌਤ ਬਰਫ਼ਬਾਰੀ ਕਾਰਨ ਹੋਈ। ਜ਼ਖ਼ਮੀਆਂ ਦਾ ਡਾਟਾ ਹਾਸਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਾਪਾਨੀ ਮੀਡੀਆ ਨੇ ਦੱਸਿਆ ਸੀ ਕਿ ਕਿਯੋਟੋ ਸੂਬੇ ‘ਚ ਕਿਯੋਟੋ ਸ਼ਹਿਰ ਅਤੇ ਸ਼ਿਗਾ ਸੂਬੇ ‘ਚ ਬਿਵਾਕੋ ਸਟੇਸ਼ਨ ਦੇ ਵਿਚਕਾਰ ਭਾਰੀ ਬਰਫ਼ਬਾਰੀ ਕਾਰਨ ਰੂਟ ਬੰਦ ਹੋਣ ਦੇ ਕਾਰਨ 10 ਘੰਟਿਆਂ ਤੱਕ ਟਰੇਨਾਂ ‘ਚ ਫਸੇ ਘੱਟੋ-ਘੱਟ 13 ਲੋਕਾਂ ਨੂੰ ਸਿਹਤ ਸਮੱਸਿਆਵਾਂ ਨਾਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਕਿਓਡੋ ਨਿਊਜ਼ ਏਜੰਸੀ ਨੇ ਦੱਸਿਆ ਕਿ ਭਾਰੀ ਬਰਫ਼ਬਾਰੀ ਕਾਰਨ ਜਾਪਾਨ ਦੇ ਨਾਗਾਸਾਕੀ ਸੂਬੇ ਦੇ ਤਾਰਾਮੀ ਸ਼ਹਿਰ ਦੇ ਨੇੜੇ ਹਾਈਵੇਅ ‘ਤੇ ਲਗਭਗ 100 ਵਾਹਨ ਫਸ ਗਏ ਹਨ। ਮੀਡੀਆ ਮੁਤਾਬਕ ਜਾਪਾਨ ਏਅਰਲਾਈਨਜ਼ ਅਤੇ ਆਲ ਨਿਪੋਨ ਏਅਰਵੇਜ਼ ਬੁੱਧਵਾਰ ਨੂੰ 200 ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੇ ਹਨ। ਪੂਰਬੀ ਜਾਪਾਨ ਰੇਲਵੇ ਨੇ ਫੁਕੁਸ਼ੀਮਾ ਅਤੇ ਸ਼ਿੰਜੋ ਵਿਚਕਾਰ ਬੁਲੇਟ ਟਰੇਨ ਸੇਵਾ ਨੂੰ ਮੁਅੱਤਲ ਕਰਨ ਦੀ ਯੋਜਨਾ ਬਣਾਈ ਹੈ। ਰਿਪੋਰਟਾਂ ਮੁਤਾਬਕ ਜਾਪਾਨ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਹੀ ਭਾਰੀ ਬਰਫ਼ਬਾਰੀ ਅਤੇ ਤਾਪਮਾਨ ‘ਚ ਗਿਰਾਵਟ ਕਾਰਨ ਕੜਾਕੇ ਦੀ ਠੰਡ ਦੀ ਲਪੇਟ ‘ਚ ਹੈ। ਬੁੱਧਵਾਰ ਸਵੇਰੇ ਹੋਕਾਈਡੋ ਟਾਪੂ ਦੇ ਰਿਕੁਬੇਤਸੂ ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 26.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਟੋਕੀਓ ‘ਚ ਤਾਪਮਾਨ ਜ਼ੀਰੋ ਤੋਂ ਤਿੰਨ ਡਿਗਰੀ ਘੱਟ ਰਿਹਾ, ਜਦੋਂਕਿ ਓਸਾਕਾ ‘ਚ ਤਾਪਮਾਨ ਜ਼ੀਰੋ ਤੋਂ ਦੋ ਡਿਗਰੀ ਸੈਲਸੀਅਸ ਹੇਠਾਂ ਰਿਹਾ। ਕਈ ਇਲਾਕਿਆਂ ‘ਚ ਰਾਤੋ ਭਰ 88 ਸੈਂਟੀਮੀਟਰ ਤੋਂ ਜ਼ਿਆਦਾ ਬਰਫ਼ ਡਿੱਗੀ।