ਲੁਧਿਆਣਾ ਦੇ ਆਤਮ ਨਗਰ ਤੋਂ ਦੋ ਵਾਰ ਦੇ ਆਜ਼ਾਦ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਜਬਰ ਜਨਾਹ ਮਾਮਲੇ ’ਚ ਪੰਜ ਮੁਲਜ਼ਮਾਂ ਨਾਲ ਕਮਿਸ਼ਨਰੇਟ ਪੁਲੀਸ ਨੇ ਤੀਸਰੀ ਵਾਰ ਅਦਾਲਤ ’ਚ ਪੇਸ਼ ਕੀਤਾ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਉਸ ਦੇ ਭਰਾ ਪਰਮਜੀਤ ਸਿੰਘ ਪੰਮਾ, ਪੀ.ਏ. ਗੋਗੀ ਸ਼ਰਮਾ, ਭਾਬੀ ਬਲਵੀਰ ਕੌਰ ਤੇ ਜਤਿੰਦਰ ਕੌਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਹੁਣ ਸੋਮਵਾਰ ਨੂੰ ਸਿਰਮਜੀਤ ਬੈਂਸ ਨੂੰ ਮੁਡ਼ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ। ਪੁਲੀਸ ਹੁਣ ਬੈਂਸ ਦੀ ਆਵਾਜ਼ ਦੇ ਸੈਂਪਲ ਲੈਣ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਸ਼ਿਕਾਇਤਕਰਤਾ ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਵਾਇਰ ਰਿਕਾਰਡਿੰਗਾਂ ਨਾਲ ਮਿਲਾ ਕੇ ਜਾਂਚ ਕੀਤੀ ਜਾ ਸਕੇ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਮਿਸ਼ਨਰੇਟ ਪੁਲੀਸ ਨੇ ਸਿਮਰਜੀਤ ਸਣੇ ਪੰਜ ਮੁਲਜ਼ਮਾਂ ਨੂੰ ਅਦਾਲਤ ਲਿਆਂਦਾ, ਜਿਸ ਮਗਰੋਂ ਸ਼ਿਕਾਇਤਕਰਤਾ ਦੇ ਵਕੀਲ ਨੇ ਸਾਰੇ ਮੁਲਜ਼ਮਾਂ ਦੇ ਦੋ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਬਾਕੀ ਮੁਲਜ਼ਮਾਂ ਨੂੰ ਜੇਲ੍ਹ ਭੇਜਣ ਤੇ ਬੈਂਸ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਭੇਜਣ ਦਾ ਫ਼ੈਸਲਾ ਸੁਣਾਇਆ। ਬੈਂਸ ਆਵਾਜ਼ ਸੈਂਪਲ ਦੇਣ ਤੋਂ ਇਨਕਾਰੀ ਹੈ ਅਤੇ ਹੁਣ ਸੋਮਵਾਰ ਨੂੰ ਅਗਲੀ ਪੇਸ਼ੀ ਸਮੇਂ ਇਸ ਬਾਰੇ ਵੀ ਫ਼ੈਸਲਾ ਆਉਣ ਦੀ ਉਮੀਦ ਹੈ। ਓਧਰ 2018 ’ਚ ਵੇਰਕਾ ਮਿਲਕ ਪਲਾਂਟ ਦੇ ਮਹਾਂਪ੍ਰਬੰਧਕ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਪਲਾਂਟ ’ਚ ਦਾਖ਼ਲ ਹੋਣ ਸਬੰਧੀ ਬੈਂਸ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਵੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ’ਚ ਅਦਾਲਤ ਵੱਲੋਂ ਭੇਜੇ ਸੰਮਨ ਦੀ ਬੈਂਸ ਦੇ ਅਣਦੇਖੀ ਕੀਤੀ ਸੀ ਜਿਸ ਮਗਰੋਂ ਅਦਾਲਤ ਨੇ ਬੈਂਸ ਤੇ ਉਸ ਦੇ ਦੋ ਸਾਥੀਆਂ ਨੂੰ ਭਗੌਡ਼ਾ ਐਲਾਨ ਦਿੱਤਾ ਸੀ।