ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਦੋ ਵਾਰ ਵਿਧਾਇਕ ਬਣੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਜਬਰ ਜਨਾਹ ਮਾਮਲੇ ’ਚ ਚਾਰ ਹੋਰਨਾਂ ਮੁਲਜ਼ਮਾਂ ਸਮੇਤ ਅੱਜ ਲੁਧਿਆਣਾ ਦੀ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ। ਸਵੇਰੇ 10.15 ਵਜੇ ਦੇ ਕਰੀਬ ਬੈਂਸ ਨੇ ਹੋਰਨਾਂ ਮੁਲਜ਼ਮਾਂ ਪਰਮਜੀਤ ਸਿੰਘ ਪੰਮਾ, ਜਸਬੀਰ ਕੌਰ, ਬਲਜਿੰਦਰ ਕੌਰ, ਪਰਦੀਪ ਕੁਮਾਰ ਉਰਫ਼ ਗੋਗੀ ਸ਼ਰਮਾ ਦੇ ਨਾਲ ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ’ਚ ਆਤਮ ਸਮਰਪਣ ਕੀਤਾ। ਹਾਲ ਹੀ ’ਚ ਅਦਾਲਤ ਨੇ ਬੈਂਸ ਦੀ ਜਾਇਦਾਦ ਕੁਰਕ ਕੀਤੀ ਸੀ। ਬੈਂਸ ਤੋਂ ਇਲਾਵਾ ਪਿੰਡ ਆਲਮਗੀਰ ਸਥਿਤ ਪਰਮਜੀਤ ਸਿੰਘ ਪੰਮਾ ਦੀ ਜਾਇਦਾਦ ਵੀ ਕੁਰਕ ਕੀਤੀ ਗਈ ਸੀ। ਉਸ ਨੂੰ 12 ਅਪ੍ਰੈਲ ਨੂੰ ਸੱਤ ਮੁਲਜ਼ਮਾਂ ਸਮੇਤ ਭਗੌਡ਼ਾ ਕਰਾਰ ਦਿੱਤਾ ਗਿਆ ਸੀ। ਭਗੌਡ਼ਾ ਕਰਾਰ ਦਿੱਤੇ ਜਾਣ ਮਗਰੋਂ ਬੈਂਸ ਦੇ ਪੋਸਟਰ ਥਾਣਾ ਡਵੀਜ਼ਨ ਨੰਬਰ ਛੇ ਅਤੇ ਹੋਰ ਜਨਤਕ ਥਾਵਾਂ ’ਤੇ ਲਾਏ ਗਏ ਸਨ। ਪੋਸਟਰ ’ਚ ਬੈਂਸ ਸਮੇਤ ਸੱਤ ਮੁਲਜ਼ਮਾਂ ਦਾ ਜ਼ਿਕਰ ਕੀਤਾ ਗਿਆ ਸੀ। ਉਸ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਸਾਬਕਾ ਵਿਧਾਇਕ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅਦਾਲਤ ਵੱਲੋਂ ਬਲਾਤਕਾਰ ਦੇ ਮਾਮਲੇ ’ਚ ਭਗੌਡ਼ਾ ਕਰਾਰ ਦੇ ਕੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ’ਚ ਸਿਮਰਜੀਤ ਬੈਂਸ ਨੂੰ ਸੁਪਰੀਮ ਕੋਰਟ ਵੱਲੋਂ ਵੀ ਰਾਹਤ ਨਹੀਂ ਦਿੱਤੀ ਗਈ ਸੀ। ਯਾਦ ਰਹੇ ਕਿ ਜੁਲਾਈ 2021 ’ਚ ਅਦਾਲਤ ਦੇ ਹੁਕਮਾਂ ’ਤੇ ਸਿਮਰਜੀਤ ਬੈਂਸ ਅਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।