ਲੰਬੇ ਇੰਤਜ਼ਾਰ ਅਤੇ ਸਖਤ ਮਿਹਨਤ ਤੋਂ ਬਾਅਦ ਇੰਡੀਆ ਦੇ ਜੰਮੂ-ਕਸ਼ਮੀਰ ‘ਚ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ‘ਚਨਾਬ ਰੇਲਵੇ ਬ੍ਰਿਜ’ ਬਣ ਕੇ ਤਿਆਰ ਹੋ ਗਿਆ ਹੈ। ਇਸ ਸਮੇਂ ਪੂਰੀ ਦੁਨੀਆ ਦੀਆਂ ਨਜ਼ਰਾਂ ਵਿਸ਼ਵ ਦੇ ਸਭ ਤੋਂ ਉੱਚੇ ਪੁਲ ਚਨਾਬ ਰੇਲਵੇ ਪੁਲ ‘ਤੇ ਟਿਕੀਆਂ ਹੋਈਆਂ ਹਨ। ਰੇਲ ਮੰਤਰਾਲੇ ਨੇ ਕਿਹਾ ਹੈ ਕਿ ਪੁਲ ਨੂੰ ਦਸੰਬਰ 2023 ਦੇ ਅੰਤ ਜਾਂ ਜਨਵਰੀ 2024 ਤੱਕ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਪੁਲ ਦੀ ਖਾਸੀਅਤ ਇਹ ਨਹੀਂ ਹੈ ਕਿ ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੈ, ਸਗੋਂ ਇਸ ਇੰਜੀਨੀਅਰਿੰਗ ਦੇ ਚਮਤਕਾਰ ਨਾਲ ਜੁੜੇ ਕਈ ਦਿਲਚਸਪ ਤੱਥ ਹਨ। ਜੰਮੂ-ਕਸ਼ਮੀਰ ‘ਚ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਪੁਲ ਦੇ ਨਿਰਮਾਣ ‘ਚ ਇੰਡੀਆ ਦੀ ਇੰਜੀਨੀਅਰਿੰਗ ਕਾਬਲੀਅਤ ਦਾ ਗਲੋਬਲ ਟੀ.ਵੀ. ਨੈੱਟਵਰਕ, ਸੀ.ਐੱਨ.ਐੱਨ. ਦੁਆਰਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਜੰਮੂ ਅਤੇ ਕਸ਼ਮੀਰ ਖੇਤਰ ‘ਚ ਚਨਾਬ ਨਦੀ ‘ਤੇ 359 ਮੀਟਰ (ਲਗਭਗ 109 ਫੁੱਟ) ਬਣਿਆ ਚਨਾਬ ਰੇਲਵੇ ਪੁਲ, ਫਰਾਂਸ ਵਿਚਲੇ ਆਈਫਲ ਟਾਵਰ ਤੋਂ ਲਗਭਗ 35 ਮੀਟਰ ਉੱਚਾ ਹੈ। 1,315 ਮੀਟਰ ਲੰਬਾ ਪੁਲ ਭਾਰਤੀ ਰੇਲਵੇ ਨੈੱਟਵਰਕ ਦੁਆਰਾ ਕਸ਼ਮੀਰ ਘਾਟੀ ਨੂੰ ਪਹੁੰਚਯੋਗ ਬਣਾਉਣ ਦੇ ਉਦੇਸ਼ ਨਾਲ ਇਕ ਵਿਸ਼ਾਲ ਪ੍ਰੋਜੈਕਟ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਚਨਾਬ ਰੇਲਵੇ ਬ੍ਰਿਜ ਅਤੇ ਵਿਆਪਕ ਰੇਲ ਲਿੰਕ ਪ੍ਰੋਜੈਕਟ ਨੂੰ ਸਮਾਜਿਕ ਏਕੀਕਰਨ ਅਤੇ ਰਾਜਨੀਤਿਕ ਪ੍ਰਭਾਵ ਲਈ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਦੇਖਿਆ ਜਾ ਸਕਦਾ ਹੈ, ਜੋ ਵੱਖ-ਵੱਖ ਖੇਤਰਾਂ ਨੂੰ ਵੱਡੇ ਸ਼ਹਿਰਾਂ ਨਾਲ ਜੋੜਦਾ ਹੈ। ਵਿਲਸਨ ਸੈਂਟਰ ਦੇ ਦੱਖਣੀ ਏਸ਼ੀਆ ਇੰਸਟੀਚਿਊਟ ਦੇ ਡਾਇਰੈਕਟਰ ਮਾਈਕਲ ਕੁਗਲਮੈਨ ਨੇ ਕਿਹਾ, ‘ਪੁਲ ਬਣਾਉਣ ਅਤੇ ਵਧੇਰੇ ਸੰਪਰਕ ਬਣਾਉਣ ਲਈ ਇਸ ਨੂੰ ਨਵੀਂ ਦਿੱਲੀ ਦੁਆਰਾ ਖੇਤਰ ਦੇ ਵਿਕਾਸ ਲਈ ਇਕ ਹੋਰ ਵੱਡੀ ਜਿੱਤ ਵਜੋਂ ਪੇਸ਼ ਕੀਤਾ ਜਾਵੇਗਾ।’ ਬੱਦਲਾਂ ਦੇ ਉੱਪਰ ਅਤੇ ਉੱਚੇ ਪਹਾੜਾਂ ਦੇ ਵਿਚਕਾਰ ਖੜ੍ਹਾ ਇਹ ਪੁਲ 260 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਦਾ ਵੀ ਮੁਕਾਬਲਾ ਕਰ ਸਕਦਾ ਹੈ। ਇਸ ਪੁਲ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜੇਕਰ ਰਿਐਕਟਰ ਸਕੇਲ ‘ਤੇ 8 ਤੀਬਰਤਾ ਦਾ ਭੂਚਾਲ ਵੀ ਆ ਜਾਵੇ ਤਾਂ ਇਸ ਦਾ ਇਕ ਵਾਲ ਵੀ ਨਹੀਂ ਹਿੱਲੇਗਾ।