ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਪਹਿਲਾਂ ਹੀ ਸੰਗਰੂਰ ਜ਼ਿਮਨੀ ਚੋਣ ਹਾਰ ਚੁੱਕੀ ਪੰਜਾਬ ਦੀ ਸੱਤਾ ‘ਤੇ ਕਾਬਜ਼ ‘ਆਪ’ ਹਰ ਹਾਲਤ ਜਲੰਧਰ ਚੋਣ ਜਿੱਤਣਾ ਚਾਹੁੰਦੀ ਹੈ। ਇਸੇ ਮਕਸਦ ਨਾਲ ਵੋਟਾਂ ਮੰਗਣ ਲਈ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ‘ਚ ਪੁੱਜੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਵੋਟਾਂ ਮੰਗੀਆਂ। ਕੇਜਰੀਵਾਲ ਨੇ ਜਲੰਧਰ ‘ਚ ਏਮਜ਼ ਹਸਪਤਾਲ ਖੋਲ੍ਹਣ ਸਮੇਤ ਕਈ ਹੋਰ ਵਾਅਦੇ ਕਰਕੇ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ। ਭਗਵੰਤ ਮਾਨ ਨੇ ਵੀ ਵਾਲੰਟੀਅਰਾਂ ਨੂੰ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਦਿਨ ਰਾਤ ਇਕ ਕਰਨ ਲਈ ਪ੍ਰੇਰਿਆ। ਉਨ੍ਹਾਂ ਇਥੋਂ ਤੱਕ ਕਿਹਾ ਕਿ ਗਿਲੇ ਸ਼ਿਕਵੇ ਬਾਅਦ ‘ਚ ਬੈਠ ਕੇ ਦੂਰ ਕੀਤੇ ਜਾ ਸਕਦੇ ਹਨ ਪਰ ਇਹ ਮੌਕਾ ਦੁਬਾਰਾ ਨਹੀਂ ਆਉਣਾ। ਕੇਜਰੀਵਾਲ ਨੇ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ‘ਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਵੇਂ ਪਹਿਲਾਂ ਸੂਬਾ ਪੱਧਰ ‘ਤੇ ‘ਆਪ’ ਨੂੰ ਇਕ ਮੌਕਾ ਦੇ ਕੇ ਵੱਡੇ ਫਰਕ ਨਾਲ ਜਿਤਾਇਆ ਗਿਆ ਹੈ, ਉਸੇ ਤਰ੍ਹਾਂ ਜਲੰਧਰ ਜ਼ਿਮਨੀ ਚੋਣ ‘ਚ ਵੀ ‘ਆਪ’ ਨੂੰ ਇਕ ਮੌਕਾ ਦਿੰਦਿਆਂ ਪਾਰਟੀ ਉਮੀਦਵਾਰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ। ਸਾਈਂਦਾਸ ਸਕੂਲ ਦੀ ਗਰਾਊਂਡ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ‘ਚ ਲੰਬੇ ਸਮੇਂ ਤੋਂ ਕਾਂਗਰਸੀ ਉਮੀਦਵਾਰ ਹੀ ਮੈਂਬਰ ਪਾਰਲੀਮੈਂਟ ਬਣਦਾ ਰਿਹਾ ਹੈ ਪਰ ਹੁਣ ਤੱਕ ਕਿਸੇ ਨੇ ਵੀ ਜਲੰਧਰ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ‘ਆਪ’ ਦੀ ਸਰਕਾਰ ਹੈ, ਇਸ ਲਈ ਜਲੰਧਰ ਵਿੱਚ ਵੀ ‘ਆਪ’ ਦੇ ਉਮੀਦਵਾਰ ਨੂੰ ਜੇਤੂ ਬਣਾ ਕੇ ਹਲਕੇ ਦਾ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਕੋਈ ਲਾਭ ਨਹੀਂ ਹੋਵੇਗਾ ਕਿਉਂਕਿ ਸੰਸਦ ਮੈਂਬਰ ਆਪਸ ‘ਚ ਲੜਦੇ ਰਹਿਣਗੇ। ਇਸ ਲਈ ਜਲੰਧਰ ਦੇ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਨੂੰ ਜਿਤਾਉਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦੇ ਇਕ-ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਬਿਜਲੀ ਬਿੱਲ ਜ਼ੀਰੋ ਆਉਣ ਸਬੰਧੀ ਦਿੱਤੀ ਗਈ ਗਾਰੰਟੀ ਵੀ ਤਿੰਨ ਮਹੀਨਿਆਂ ‘ਚ ਪੂਰੀ ਕੀਤੀ ਗਈ ਹੈ ਤੇ ਹੁਣ ਪੰਜਾਬ ਵਾਸੀਆਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਆਮਦਨ ‘ਚ ਵਾਧਾ ਹੋ ਰਿਹਾ ਹੈ ਕਿਉਂਕਿ ਪਹਿਲਾਂ ਇਹੀ ਕਮਾਈ ਸਿਆਸੀ ਆਗੂਆਂ ਦੀਆਂ ਜੇਬਾਂ ਅਤੇ ਸਵਿੱਸ ਬੈਂਕਾਂ ‘ਚ ਜਾਂਦੀ ਸੀ ਤੇ ਹੁਣ ਸਰਕਾਰੀ ਖ਼ਜ਼ਾਨੇ ਵਿੱਚ ਜਾ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਜਲੰਧਰ ਹਲਕੇ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਜਾਣਦੇ ਹਨ ਤੇ ਇਹ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਨੂੰ ‘ਆਪ’ ਸਰਕਾਰ ‘ਤੇ ਜੋ ਭਰੋਸਾ ਹੈ, ਉਹ ਸੌ ਫ਼ੀਸਦ ਪੂਰਾ ਕੀਤਾ ਜਾ ਰਿਹਾ ਹੈ। ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ‘ਤੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਵਿਰੋਧੀ ਧਿਰਾਂ ਇਹੋਂ ਕਹਿੰਦੀਆਂ ਸਨ ਕਿ ਮੁਫ਼ਤ ਬਿਜਲੀ ਲਈ ਪੈਸੇ ਕਿਥੋਂ ਆਉਣਗੇ। ਹੁਣ ਬਿੱਲ ਵੀ ਜ਼ੀਰੋ ਆ ਰਹੇ ਹਨ ਤੇ ਪਾਵਰਕੌਮ ਨੂੰ 20 ਹਜ਼ਾਰ ਕਰੋੜ ਰੁਪਏ ਵੀ ਦਿੱਤੇ ਗਏ ਹਨ। ਉਨ੍ਹਾਂ ਸਟੇਜ ‘ਤੇ ਬੈਠੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰਾਂ ਸਰਕਾਰੀ ਖਜ਼ਾਨਾ ਲੁੱਟ ਰਹੀਆਂ ਸਨ, ਪਰ ਹੁਣ ਵਿੱਤ ਮੰਤਰੀ ਜੀ ਖਜ਼ਾਨਾ ਭਰ ਰਹੇ ਹਨ।