ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਟਿਆਲਾ ਕੇਂਦਰੀ ਜੇਲ੍ਹ ‘ਚੋਂ ਰਿਹਾਈ ਮੌਕੇ ਕਾਂਗਰਸ ‘ਚ ਧੜੇਬੰਦੀ ਤੇਜ਼ ਹੋਈ ਨਜ਼ਰ ਆ ਰਹੀ ਸੀ ਕਿ ਅਚਾਨਕ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਮੌਕੇ ਕਾਂਗਰਸ ਇਕਜੁੱਟ ਹੋ ਗਈ। ਮਰਹੂਮ ਚੌਧਰੀ ਸੰਤੋਖ ਸਿੰਘ ਦੀ ਪਤਨੀ ਤੇ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਮੌਕੇ ਨਵਜੋਤ ਸਿੰਘ ਸਿੱਧੂ, ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਸਮੁੱਚੀ ਲੀਡਰਸ਼ਿਪ ਇਕੋ ਬੱਸ ‘ਚ ਸਵਾਰ ਹੋ ਕੇ ਕਾਗਜ਼ ਦਾਖਲ ਕਰਨ ਲਈ ਰਵਾਨਾ ਹੋਈ। ਬੱਸ ‘ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਚਰਨਜੀਤ ਸਿੰਘ ਚੰਨੀ, ਮਹਿੰਦਰ ਸਿੰਘ ਕੇ.ਪੀ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਆਦਿ ਸਵਾਰ ਸਨ। ਇਨ੍ਹਾਂ ਆਗੂਆਂ ਨੇ ਇਕਜੁੱਟਤਾ ਦਾ ਅਜਿਹਾ ਪ੍ਰਗਟਾਵਾ ਕੀਤਾ ਕਿ ਹਾਕਮ ਧਿਰ ਆਮ ਆਦਮੀ ਪਾਰਟੀ ਸਮੇਤ ਸਮੁੱਚੀ ਵਿਰੋਧੀ ਧਿਰ ਨੂੰ ਇਕ ਵਾਰ ਫਿਕਰ ਜ਼ਰੂਰ ਹੋ ਸਕਦਾ ਹੈ। ਇਸ ਤੋਂ ਵੀ ਵੱਧ ਨਵਜੋਤ ਸਿੱਧੂ ਨੇ ਵੜਿੰਗ ਤੇ ਬਾਜਵਾ ਦੀ ਮੌਜੂਦਗੀ ‘ਚ ਕਿਹਾ ਕਿ ਪੰਜਾਬ ਪ੍ਰਧਾਨ ਦੀ ਅਗਵਾਈ ‘ਚ ਚੋਣ ਲੜੀ ਜਾਵੇਗੀ ਅਤੇ ਵੱਡੇ ਫਰਕ ਨਾਲ ਜਿੱਤੀ ਜਾਵੇਗੀ। ਅਹੁਦੇ ਕੋਈ ਮਾਇਨੇ ਨਹੀਂ ਰੱਖਦੇ ਕਿਉਂਕਿ ਇਹ ਤਾਂ ਕੰਮ ਕਰਨ ‘ਚ ਯਕੀਨ ਰੱਖਦੇ ਹਨ। ਕਾਂਗਰਸ ਦੀ ਲੀਡਰਸ਼ਿਪ ਸਵੇਰੇ ਜਲੰਧਰ ਵਿਖੇ ਕਾਂਗਰਸ ਭਵਨ ਪਹੁੰਚੀ ਅਤੇ ਇਥੋਂ ਉਮੀਦਵਾਰ ਕਰਮਜੀਤ ਕੌਰ ਦੇ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਵੱਲ ਬੱਸ ‘ਚ ਰਵਾਨਾ ਹੋਈ, ਜਿੱਥੇ ਕਰਮਜੀਤ ਕੌਰ ਵੱਲੋਂ ਨਾਮਜ਼ਦਗੀ ਪੱਤਰ ਭਰਿਆ ਗਿਆ। ਕਾਗਜ਼ ਭਰਨ ਦੀ ਇਹ ਪ੍ਰਕਿਰਿਆ 20 ਅਪ੍ਰੈਲ ਤੱਕ ਜਾਰੀ ਰਹੇਗੀ ਜਦਕਿ 21 ਅਪ੍ਰੈਲ ਨੂੰ ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ 24 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਇਸ ਤੋਂ ਬਾਅਦ ਚੋਣ ਪ੍ਰਚਾਰ ਹੋਰ ਸਿਖਰ ਵੱਲ ਜਾਵੇਗਾ ਅਤੇ ਵੋਟਾਂ ਪੈਣ ਦਾ ਕੰਮ 10 ਮਈ ਨੂੰ ਹੋਵੇਗਾ ਜਦਕਿ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ।