ਕਈ ਮਹੀਨੇ ਤੋਂ ਜੇਲ੍ਹ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਰਾਜਾ ਵੜਿੰਗ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਜੇਲ੍ਹ ‘ਚ ਮਿਲੇ। ਇਸ ਸਬੰਧੀ ਅਧਿਕਾਰਤ ਤੌਰ ‘ਤੇ ਵੜਿੰਗ ਜਾਂ ਕਿਸੇ ਹੋਰ ਕਾਂਗਰਸੀ ਆਗੂ ਨੇ ਕੁਝ ਨਹੀਂ ਕਿਹਾ। ਸੂਤਰਾਂ ਮੁਤਾਬਕ ਵੜਿੰਗ ਨੇ ਆਸ਼ੂ ਨਾਲ ਕਰੀਬ ਸਵਾ ਘੰਟਾ ਮੁਲਾਕਾਤ ਕੀਤੀ। ਜਦਕਿ ਇਸੇ ਜੇਲ੍ਹ ‘ਚ ਬੰਦ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਨੂੰ ਉਹ ਕੇਵਲ ਦਸ ਕੁ ਮਿੰਟ ਹੀ ਮਿਲੇ। ਰਾਜਾ ਵੜਿੰਗ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਲਈ ਜੇਲ੍ਹ ਵਿਚਲੀ ਡਿਊਢੀ ‘ਚ ਗਏ ਤਾਂ ਉਥੇ ਨਵਜੋਤ ਸਿੱਧੂ ਦੀ ਪਹਿਲਾਂ ਹੀ ਉਨ੍ਹਾਂ ਦੇ ਕਿਸੇ ਜਾਣਕਾਰ ਨਾਲ ਮੁਲਾਕਾਤ ਚੱਲ ਰਹੀ ਸੀ ਜਿਸ ਕਾਰਨ ਰਾਜਾ ਵੜਿੰਗ ਨੇ 5 ਤੋਂ 10 ਮਿੰਟਾਂ ਤੱਕ ਨਵਜੋਤ ਸਿੱਧੂ ਦੇ ਨਾਲ ਵੀ ਮੁਲਾਕਾਤ ਕੀਤੀ ਦੱਸੀ ਜਾ ਰਹੀ ਹੈ। ਪਰ ਇਸ ਮਗਰੋਂ ਨਵਜੋਤ ਸਿੱਧੂ ਆਪਣੀ ਬੈਰਕ ‘ਚ ਚਲੇ ਗਏ ਅਤੇ ਮਿਲੇ ਸੁਨੇਹੇ ਤਹਿਤ ਭਾਰਤ ਭੂਸ਼ਣ ਆਸ਼ੂ ਮੁਲਾਕਾਤ ਲਈ ਜੇਲ੍ਹ ਵਿਚਲੀ ਡਿਊਢੀ ਵਿਚ ਪੁੱਜ ਗਏ, ਜਿਸ ਦੌਰਾਨ ਵੜਿੰਗ ਅਤੇ ਆਸ਼ੂ ਦਰਮਿਆਨ ਕਰੀਬ ਸਵਾ ਘੰਟਾ ਗੱਲਬਾਤ ਹੋਈ। ਸਿੱਧੂ ਨਾਲ ਦਸ ਮਿੰਟ ਗੱਲ ਹੋਣ ਪਿੱਛੇ ਜੇਲ੍ਹ ਨਿਯਮਾਂ ਦਾ ਵੀ ਕੋਈ ਕਾਰਨ ਹੋ ਸਕਦਾ ਹੈ, ਪਰ ਇਸ ਗੱਲ ਦੀ ਅਧਿਕਾਰਤ ਤੌਰ ‘ਤੇ ਤਾਂ ਪੁਸ਼ਟੀ ਨਹੀਂ ਹੋ ਸਕੀ।