ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਪੌਪ ਗਾਇਕ ਦਲੇਰ ਮਹਿੰਦੀ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਹੈ ਜਿਸ ਦੀ ਇਕ ਅੱਖ ਦਾ ਅਪਰੇਸ਼ਨ ਹੋ ਗਿਆ ਹੈ ਜਦਕਿ ਦੂਸਰੀ ਅੱਖ ਦਾ ਅਪਰੇਸ਼ਨ ਹੋਣ ਦੀ ਸੰਭਾਵਨਾ ਹੈ। ਦਲੇਰ ਮਹਿੰਦੀ ਨੇ ਜੇਲ੍ਹ ਡਾਕਟਰ ਕੋਲ ਅੱਖਾਂ ‘ਚ ਧੁੰਦਲੇਪਣ ਦੀ ਸ਼ਿਕਾਇਤ ਕੀਤੀ ਸੀ ਜਿਸ ਮਗਰੋਂ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਗਿਆ, ਜਿਸ ਦੀ ਸਿਫ਼ਾਰਿਸ਼ ‘ਤੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਹ ਪਤਾ ਲੱਗਾ ਹੈ ਕਿ ਦਲੇਰ ਮਹਿੰਦੀ ਨੂੰ ਪੰਜ ਦਿਨ ਪਹਿਲਾਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਇਸ ਦੀ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ। ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ ‘ਚ ਦੱਸਿਆ ਗਿਆ ਕਿ ਦਲੇਰ ਮਹਿੰਦੀ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਨਹਾ ਦੇ ਲੀਵਰ ‘ਚ ਸਮੱਸਿਆ ਦੱਸੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਯਾਦ ਰਹੇ ਕਿ ਦਲੇਰ ਮਹਿੰਦੀ ਕਬੂਤਰਬਾਜ਼ੀ ਦੇ ਮਾਮਲੇ ‘ਚ ਕੇਂਦਰੀ ਜੇਲ੍ਹ ਪਟਿਆਲਾ ‘ਚ ਦੋ ਸਾਲ ਦੀ ਸਜ਼ਾ ਕੱਟ ਰਹੇ ਹਨ। ਵਰਣਨਯੋਗ ਹੈ ਕਿ 19 ਸਾਲ ਪੁਰਾਣੇ ਕੇਸ ‘ਚ ਦਲੇਰ ਮਹਿੰਦੀ ਨੂੰ ਮਾਣਯੋਗ ਵਧੀਕ ਸੈਸ਼ਨ ਜੱਜ ਐੱਚ.ਐੱਚ. ਗਰੇਵਾਲ ਅਦਾਲਤ ਦੀ ਹੇਠਲੀ ਅਦਾਲਤ ਵੱਲੋਂ ਉਸ ਦੀ ਦੋ ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਣ ਤੋਂ ਬਾਅਦ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਸੀ।