ਰੋਡ ਰੇਜ਼ ਮਾਮਲੇ ‘ਚ ਸੁਣਾਈ ਇਕ ਸਾਲ ਦੀ ਸਜ਼ਾ ਭੁਗਤ ਕੇ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚੋਂ ਰਿਹਾਅ ਹੋਏ ਨਵਜੋਤ ਸਿੰਘ ਸਿੱਧੂ ਨਵੀਂ ਦਿੱਖ ‘ਚ ਨਜ਼ਰ ਆਏ। ਦਿੱਖ ਭਾਵੇਂ ਨਵੀਂ ਸੀ ਪਰ ਤੇਵਰ ਉਹੀ ਪੁਰਾਣੇ ਸਨ। ਉਨ੍ਹਾਂ ਜੇਲ੍ਹ ‘ਚੋਂ ਬਾਹਰ ਆਉਣਸਾਰ ਕੇਂਦਰ ਅਤੇ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਨਾਲ ਹੀ ਰਾਹੁਲ ਗਾਂਧੀ ਨੂੰ ਅਜੋਕੇ ਦੌਰ ਦੀ ਕ੍ਰਾਂਤੀ ਦਾ ਦੂਜਾ ਨਾਂ ਦੱਸਿਆ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਚਾਲਾਂ ਚੱਲ ਰਹੀਆਂ ਹਨ। ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਅਮਨ ਕਾਨੂੰਨ ਦੇ ਮੁੱਦੇ ‘ਤੇ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾ ਕੇ ਬੋਲਣਗੇ। ਰਿਹਾਈ ਸਮੇਂ ਉਨ੍ਹਾਂ ਦੇ ਕਾਲਾ ਕੁੜਤਾ ਪਜਾਮਾ ਅਤੇ ਨੀਲੀ ਜੈਕਟ ਪਾਈ ਹੋਈ ਸੀ। ਸਿਹਤ ਪੱਖੋਂ ਪਹਿਲਾਂ ਨਾਲੋਂ ਸਿੱਧੂ ਫਿੱਟ ਲੱਗ ਰਹੇ ਸਨ। ਬਾਹਰ ਆਉਂਦੇ ਹੀ ਉਨ੍ਹਾਂ ਨੇ ਬੁੱਲਾਂ ‘ਤੇ ਉਂਗਲ ਰੱਖ ਕੇ ਹੱਥ ਜੋੜ ਕੇ ਸਮਰਥਕਾਂ ਦਾ ਧੰਨਵਾਦ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਖੌਫ਼ਜਦਾ ਹੈ। ਜਦੋਂ ਵੀ ਤਾਨਾਸ਼ਾਹੀ ਇਸ ਦੇਸ਼ ‘ਚ ਆਈ ਹੈ ਤਾਂ ਕ੍ਰਾਂਤੀ ਆਈ ਹੈ। ਉਨ੍ਹਾਂ ਕਿਹਾ ਕਿ ਛਾਤੀ ਠੋਕ ਕੇ ਕਹਿੰਦਾ ਹਾਂ ਕਿ ਰਾਹੁਲ ਗਾਂਧੀ ਦੇਸ਼ ‘ਚ ਹੁਣ ਕ੍ਰਾਂਤੀ ਦਾ ਨਾਮ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਰਹੀ, ਜੇ ਮੇਰਾ ਛੋਟਾ ਭਰਾ ਭਗਵੰਤ ਸੁਣ ਰਿਹਾ ਹੈ ਤਾਂ ਇਹ ਉਸ ਲਈ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਕੇਂਦਰ ਰਾਜਾਂ ਨੂੰ ਆਪਣੇ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਨੂੰ ਕਮਜ਼ੋਰ ਕਰ ਕੇ ਕੋਈ ਸਰਕਾਰ ਤਕੜੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਅੱਜ ਸੰਸਥਾਵਾਂ ਗੁਲਾਮ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਪੁਰਖਿਆਂ ਨੇ ਦੇਸ਼ ਨੂੰ ਆ਼ਜ਼ਾਦ ਕਰਵਾਇਆ ਸੀ। ਅੱਜ ਉਨ੍ਹਾਂ ਪੁਰਖਿਆਂ ਦੀ ਪ੍ਰੇਰਣਾ ਨਾਲ ਰਾਹੁਲ ਗਾਂਧੀ ਦੀ ਦੇਸ਼ ‘ਚ ਦਹਾੜ ਹੈ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਕੈਂਸਰ ਤੋਂ ਪੀੜਤ ਹੈ, ਪਰ ਫਿਰ ਵੀ ਉਸ ਨੇ ਛੁੱਟੀ ਨਹੀਂ ਲਈ। ਉਨ੍ਹਾਂ ਕਿਹਾ ਕਿ ਅੱਜ ਮੁਸੀਬਤ ਦੀ ਘੜੀ ‘ਚ ਕਾਂਗਰਸ ਪਾਰਟੀ ਨਾਲ ਖੜ੍ਹਾਂ ਹਾਂ। ਸਿੱਧੂ ਨੇ ਕਿਹਾ ਕਿ ਜਾਣਬੁਝ ਕੇ ਦੇਰੀ ਨਾਲ ਰਿਹਾਈ ਕੀਤੀ ਗਈ ਤਾਂ ਜੋ ਜੇਲ੍ਹ ਦੇ ਬਾਹਰੋਂ ਸਮਰਥਕ ਚਲੇ ਜਾਣ ਤੇ ਉਨ੍ਹਾਂ ਦੀ ਆਵਾਜ਼ ਕੋਈ ਸੁਣ ਨਾ ਸਕੇ। ਸਿੱਧੂ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਬੁਹਤ ਦਗਮਜ਼ੇ ਮਾਰੇ ਸੀ, ਸੁਪਨੇ ਵੇਚ ਕੇ ਸੱਤਾ ਹਾਸਲ ਕੀਤੀ। ਸੁਰੱਖਿਆ ਘਟਾਉਣ ‘ਤੇ ਸਿੱਧੂ ਨੇ ਕਿਹਾ ਕਿ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਹਰੇ ਪੈੱਨ ਦੀ ਸਿਆਹੀ ਹੁਣ ਕਿਥੇ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੂੰ 1988 ‘ਚ ਵਾਪਰੇ ਰੋਡ ਰੇਜ ਮਾਮਲੇ ‘ਚ ਸੁਪਰੀਮ ਕੋਰਟ ਨੇ ਬੀਤੇ ਸਾਲ 20 ਮਈ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਨੇ ਕੋਈ ਛੁੱਟੀ ਨਹੀਂ ਲਈ ਅਤੇ 48 ਛੁੱਟੀਆਂ ਘਟਾ ਕੇ ਉਨ੍ਹਾਂ ਨੂੰ ਅੱਜ 317 ਦਿਨ ਬਾਅਦ ਰਿਹਾਅ ਕਰ ਦਿੱਤਾ ਗਿਆ।