ਮੰਡੀਆਂ ‘ਚੋਂ ਜਿਣਸ ਦੀ ਢੋਆ-ਢੁਆਈ ਲਈ ਨਕਲੀ ਟਰੱਕ ਨੰਬਰ ਚਾੜ੍ਹ ਕੇ ਕੀਤੇ ਬਹੁਕਰੋੜੀ ਟੈਂਡਰ ਘੁਟਾਲੇ ‘ਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਨਾਂ ਬੋਲਣ ਤੋਂ ਬਾਅਦ ਆਸ਼ੂ ਨਜ਼ਦੀਕੀ ਕਈ ਕਾਂਗਰਸੀ ਤੇ ਠੇਕੇਦਾਰ ਰੂਪੋਸ਼ ਹੋ ਗਏ ਹਨ। ਵਿਜੀਲੈਂਸ ਨੇ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਤੇਲੂ ਰਾਮ ਤੋਂ ਪੁੱਛ ਪੜਤਾਲ ਦੌਰਾਨ ਕਈ ਸਵਾਲ ਕੀਤੇ, ਜਿਨ੍ਹਾਂ ਵਿੱਚੋਂ ਕਈਆਂ ਦੇ ਉਸ ਨੇ ਜਵਾਬ ਦਿੱਤੇ, ਜਦਕਿ ਬਹੁਤੇ ਸਵਾਲਾਂ ਨੂੰ ਘੁਮਾ-ਫਿਰਾ ਕੇ ਉਸ ਨੇ ਵਿਜੀਲੈਂਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਤੇਲੂ ਰਾਮ ਤੋਂ ਪੁੱਛ ਪੜਤਾਲ ਮਗਰੋਂ ਵਿਜੀਲੈਂਸ ਨੇ ਬੀਤੇ ਦਿਨੀਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਨਾਂ ਜਾਂਚ ‘ਚ ਸ਼ਾਮਲ ਕਰ ਲਿਆ ਹੈ। ਇਸ ਦੇ ਨਾਲ ਹੀ ਹੁਣ ਸਨਅਤੀ ਸ਼ਹਿਰ ਸਮੇਤ ਨਵਾਂ ਸ਼ਹਿਰ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਕਈ ਵੱਡੇ ਕਾਂਗਰਸੀ ਆਗੂ ਵਿਜੀਲੈਂਸ ਦੀ ਰਾਡਾਰ ‘ਤੇ ਆ ਗਏ ਹਨ। ਤੇਲੂ ਰਾਮ ਦਾ ਸ਼ਨਿਚਰਵਾਰ ਨੂੰ ਤਿੰਨ ਰੋਜ਼ਾ ਰਿਮਾਂਡ ਖ਼ਤਮ ਹੋਣ ‘ਤੇ ਉਸ ਨੂੰ ਦੁਬਾਰਾ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਮਾਮਲੇ ‘ਚ ਹੁਣ ਤੱਕ ਸਾਬਕਾ ਮੰਤਰੀ ਆਸ਼ੂ ਦੇ ਪੀ.ਏ. ਮੀਨੂੰ ਪੰਕਜ ਮਲਹੋਤਰਾ ਤੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਰਮੇਸ਼ ਪਹਿਲਾਂ ਹੀ ਨਾਮਜ਼ਦ ਕੀਤੇ ਜਾ ਚੁੱਕੇ ਹਨ। ਇਹ ਦੋਵੇਂ ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਰਹੇ ਹਨ, ਜਿਸ ਮਗਰੋਂ ਹੁਣ ਕਈ ਕਾਂਗਰਸੀਆਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਸਨ। ਵਿਜੀਲੈਂਸ ਨੇ ਅੰਦਰਖਾਤੇ ਐੱਫ.ਆਈ.ਆਰ. ‘ਚ ਸਾਬਕਾ ਮੰਤਰੀ ਆਸ਼ੂ ਨੂੰ ਨਾਮਜ਼ਦ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਅਫ਼ਸਰ ਪੁਸ਼ਟੀ ਨਹੀਂ ਕਰ ਰਿਹਾ ਹੈ। ਐੱਸ.ਐੱਸ.ਪੀ. ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਸਿਰਫ਼ ਇਹੀ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਮਗਰੋਂ ਜੋ ਤੱਥ ਸਾਹਮਣੇ ਆਉਣਗੇ ਉਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ। ਵਿਜੀਲੈਂਸ ਦੀ ਟੀਮ ਨੇ ਹਾਲੇ ਤੱਕ ਇਸ ਮਾਮਲੇ ‘ਚ ਚਾਰ ਜਣਿਆਂ ਨੂੰ ਨਾਜ਼ਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲੂ ਰਾਮ ਰਾਹੀਂ 25 ਕਰੋੜ ਦਾ ਲੈਣ-ਦੇਣ ਹੋਇਆ ਹੈ। ਹੁਣ ਵਿਜੀਲੈਂਸ ਦੀ ਟੀਮ ਇਹ ਜਾਂਚ ਕਰਨ ‘ਚ ਲੱਗੀ ਹੈ ਕਿ ਇਹ 25 ਕਰੋੜ ਰੁਪਏ ਕਿੱਥੇ-ਕਿੱਥੇ ਦਿੱਤੇ ਗਏ ਹਨ।