ਟੈਨੇਸੀ ਸੂਬੇ (ਅਮਰੀਕਾ) ‘ਚ ਇਕ ਹਾਈਵੇਅ ‘ਤੇ ਵਾਪਰੇ ਕਾਰ ਹਾਦਸੇ ‘ਚ ਇਕ ਸਾਲ ਦੀ ਬੱਚੀ ਸਮੇਤ 6 ਕੁੜੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਹੋਰ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਹੈ। ਰੌਬਰਟਸਨ ਕਾਉਂਟੀ ਦੇ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਦੇ ਮੁਖੀ ਬ੍ਰੈਂਟ ਡਾਇਰ ਨੇ ਦੱਸਿਆ ਕਿ ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਉਨ੍ਹਾਂ ਨੇ ਇਕ ਰਿਲੀਜ਼ ‘ਚ ਕਿਹਾ ਕਿ ਕਰਮਚਾਰੀਆਂ ਨੂੰ ਕਾਰ ਦੇ ਬਾਹਰ ਇਕ ਸਾਲ ਦੀ ਬੱਚੀ ਸਮੇਤ 6 ਕੁੜੀਆਂ, ਜਿਨ੍ਹਾਂ ਦੀ ਉਮਰ 18 ਸਾਲ ਤੱਕ ਹੈ, ਮ੍ਰਿਤਕ ਪਈਆਂ ਮਿਲੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਔਰਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ‘ਚ ਇਕ ਵਿਅਕਤੀ ਮਾਮੂਲੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨੀ ਗਈ ਕਾਰ ਦੇ ਕੋਲ ਇਕ ਹੋਰ ਗੱਡੀ ਵੀ ਮਿਲੀ ਜਿਸ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ ਹੈ। ਟੈਨੇਸੀ ਹਾਈਵੇ ਪੈਟਰੋਲ ਏਜੰਸੀ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।