ਇੰਡੀਆ ਨਾਲ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਨਿਊਜ਼ੀਲੈਂਡ ਦੀ ਟੀਮ 7 ਵਿਕਟਾਂ ਨਾਲ ਜੇਤੂ ਰਹੀ। ਇਸ ਜਿੱਤ ‘ਚ ਟਾਮ ਲੇਥਮ ਦੇ ਸ਼ਾਨਦਾਰ ਸੈਂਕੜੇ ਦਾ ਵੱਡਾ ਯੋਗਦਾਨ ਰਿਹਾ। ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ ‘ਤੇ 306 ਦੌੜਾਂ ਬਣਾਈਆਂ। ਇਸ ‘ਚ ਕਪਤਾਨ ਸ਼ਿਖਰ ਧਵਨ ਨੇ 72 ਦੌੜਾਂ, ਸ਼੍ਰੇਅਸ ਅਈਅਰ ਨੇ 80, ਸ਼ੁਭਮਨ ਗਿੱਲ ਨੇ 50, ਵਾਸ਼ਿੰਗਟਨ ਸੁੰਦਰ ਨੇ ਨਾਬਾਦ 37, ਸੰਜੂ ਸੈਮਸਨ ਨੇ 36 ਅਤੇ ਰਿਸ਼ਭ ਪੰਤ ਨੇ 15 ਦੌੜਾਂ ਦਾ ਯੋਗਦਾਨ ਪਾਇਆ। ਟੀ-20 ‘ਚ ਦੁਨੀਆ ਦਾ ਅੱਵਲ ਦਰਜੇ ਦਾ ਬੱਲੇਬਾਜ਼ ਸੂਰਿਆਕੁਮਾਰ ਯਾਦਵ ਤਿੰਨ ਗੇਂਦਾਂ ‘ਚ ਸਿਰਫ ਚਾਰ ਦੌੜਾਂ ਬਣਾ ਕੇ ਆਊਟ ਹੋ ਗਿਆ। ਨਿਊਜ਼ੀਲੈਂਡ ਵੱਲੋਂ ਟਿਮ ਸਾਊਦੀ ਤੇ ਲਾਕੀ ਫਰਗੂਸਨ ਨੇ ਤਿੰਨ-ਤਿੰਨ ਤੇ ਐਡਮ ਮਿਲਨੇ ਨੇ ਇਕ ਵਿਕਟ ਲਈ। ਨਿਊਜ਼ੀਲੈਂਡ ਨੇ ਇਹ ਟੀਚਾ 47.1 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 309 ਦੌੜਾਂ ਬਣਾ ਕੇ ਪੂਰਾ ਕਰ ਲਿਆ। ਨਿਊਜ਼ੀਲੈਂਡ ਲਈ ਵਿਕਟ ਕੀਪਰ ਟਾਮ ਲੇਥਮ ਨੇ ਸਭ ਤੋਂ ਵੱਧ 145 ਨਾਬਾਦ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਕੇਨ ਵਿਲੀਅਮਸਨ ਨੇ ਵੀ ਇਸ ‘ਚ ਨਾਬਾਦ 94 ਦੌੜਾਂ ਦਾ ਯੋਗਦਾਨ ਪਾਇਆ। ਇੰਡੀਆ ਲਈ ਪਹਿਲਾ ਇਕ ਰੋਜ਼ਾ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੇ 10 ਓਵਰਾਂ ‘ਚ 66 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਸ਼ਾਰਦੁਲ ਠਾਕੁਰ ਨੇ ਨੌਂ ਓਵਰਾਂ ‘ਚ 63 ਦੌੜਾਂ ਦੇ ਕੇ ਇਕ ਵਿਕਟ ਝਟਕਾਈ।