ਟੋਰਾਂਟੋ ਦੇ ਆਈਲੈਂਡ ਏਅਰਪੋਰਟ ‘ਤੇ ਬੰਬ ਦੀ ਧਮਕੀ ਕਾਰਨ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਉਥੋਂ ਬਾਹਰ ਕੱਢਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਵਾਈ ਅੱਡੇ ਦੇ ਫੈਰੀ ਟਰਮੀਨਲ ਨੇੜੇ ਪੁਲੀਸ ਨੂੰ ਇਕ ਸੰਭਾਵਿਤ ਵਿਸਫੋਟਕ ਯੰਤਰ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਇਹ ਨਿਰਦੇਸ਼ ਦਿੱਤੇ। ਪੁਲੀਸ ਨੇ ਕਿਹਾ ਕਿ ਦੋ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਉਹ ਜਾਂਚ ‘ਚ ਸਹਿਯੋਗ ਕਰ ਰਹੇ ਹਨ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸ਼ੱਕੀ ਪੈਕੇਜ ਦੀ ਜਾਂਚ ਕਰਨ ਲਈ ਸ਼ਾਮ ਚਾਰ ਵਜੇ ਤੋਂ ਪਹਿਲਾਂ ਬਿਲੀ ਬਿਸ਼ਪ ਏਅਰਪੋਰਟ ਦੇ ਮੇਨਲੈਂਡ ਫੈਰੀ ਟਰਮੀਨਲ ‘ਤੇ ਬੁਲਾਇਆ ਗਿਆ ਸੀ। ਟੋਰਾਂਟੋ ਪੁਲੀਸ ਨੇ ਟਵੀਟ ਕੀਤਾ ਕਿ ਅਸੀਂ ਇਕ ਸੰਭਾਵਿਤ ਵਿਸਫੋਟਕ ਯੰਤਰ ਨਾਲ ਨਜਿੱਠਣ ਲਈ ਕੰਮ ਕਰ ਰਹੇ ਹਾਂ। ਫੈਰੀ ਟਰਮੀਨਲ ਦੇ ਨੇੜੇ ਦੋ ਰਿਹਾਇਸ਼ੀ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ ਅਤੇ ਇਕ ਤੀਜੀ ਨੂੰ ਅੰਸ਼ਕ ਤੌਰ ‘ਤੇ ਖਾਲੀ ਕਰਵਾ ਲਿਆ ਗਿਆ। ਪੋਰਟਰ ਏਅਰਲਾਈਨਜ਼ ਅਤੇ ਏਅਰ ਕੈਨੇਡਾ ਖੇਤਰੀ ਉਡਾਣਾਂ ਲਈ ਇਸ ਏਅਰੋਰਟ ਦੀ ਵਰਤੋਂ ਕਰਦੇ ਹਨ। ਏਅਰਪੋਰਟ ‘ਤੇ ਅਧਿਕਾਰੀਆਂ ਨੇ ਕਿਹਾ ਕਿ ਰਨਵੇਅ ਬੰਦ ਕਰ ਦਿੱਤਾ ਗਿਆ ਸੀ ਅਤੇ ਏਅਰ ਕੈਨੇਡਾ ਦੀਆਂ ਦੋ ਉਡਾਣਾਂ ਨੂੰ ਹੈਮਿਲਟਨ, ਓਂਟਾਰੀਓ ਵੱਲ ਮੋੜ ਦਿੱਤਾ ਗਿਆ ਸੀ। ਟਰਮੀਨਲ ਦੇ ਅੰਦਰ ਕਈ ਘੰਟਿਆਂ ਤੱਕ ਫਸੇ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ‘ਵਾਟਰ ਟੈਕਸੀ’ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ।