ਅਮਰੀਕਾ ਦੇ ਸਾਬਕਾ ਰਾਸਫਟਰਪਤੀ ਡੋਨਲਡ ਟਰੰਪ ਦੀ ਫਲੋਰਿਡਾ ਸਥਿਤ ਰਿਹਾਇਸ਼ ‘ਤੇ ਨਿੱਜੀ ਕਲੱਬ ‘ਤੇ ਐੱਫ.ਬੀ.ਆਈ. ਨੇ ਛਾਪਾ ਮਾਰਿਆ। ਇਸ ਦੌਰਾਨ ਐੱਫ.ਬੀ.ਆਈ. ਨੇ ਰਾਸ਼ਟਰਪਤੀ ਦਫ਼ਤਰ ਨਾਲ ਜੁੜੇ ਦਸਤਾਵੇਜ਼ਾਂ ਦੇ ਰੱਖ-ਰਖਾਅ ਨਾਲ ਸਬੰਧਤ ਜਾਂਚ ਤਹਿਤ ਇਕ ਤਿਜੋਰੀ ਵੀ ਤੋੜੀ ਜਿਸ ‘ਤੇ ਟਰੰਪ ਭੜਕ ਗਏ। ਉਨ੍ਹਾਂ ਇਸ ਕਾਰਵਾਈ ਨੂੰ ਉਨ੍ਹਾਂ ਵੱਲੋਂ ਸਾਲ 2024 ‘ਚ ਵਾਈਟ ਹਾਊਸ ਪੁੱਜਣ ਦੇ ਯਤਨਾਂ ‘ਚ ਅੜਿੱਕਾ ਲਾਉਣ ਦਾ ਯਤਨ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਇਹ ਸਾਡੇ ਮੁਲਕ ਲਈ ਮਾੜਾ ਸਮਾਂ ਹੈ ਕਿਉਂਕਿ ਫਲੋਰਿਡਾ ਦੇ ਪਾਮ ਬੀਚ ‘ਚ ਮਾਰ-ਏ-ਲਾਗੋ ਦੇ ਉਨ੍ਹਾਂ ਦੇ ਖੂਬਸੂਰਤ ਘਰ ‘ਤੇ ਐੱਫ.ਬੀ.ਆਈ. ਏਜੰਟਾਂ ਦੇ ਇਕ ਵੱਡੇ ਗਰੁੱਪ ਨੇ ਘੇਰਾਬੰਦੀ ਕਰ ਕੇ ਛਾਪਾ ਮਾਰਿਆ ਤੇ ਇਸ ਨੂੰ ਕਬਜ਼ੇ ‘ਚ ਲੈ ਲਿਆ ਹੈ। ਅਮਰੀਕਾ ਦੇ ਕਿਸੇ ਵੀ ਰਾਸ਼ਟਰਪਤੀ ਨਾਲ ਪਹਿਲਾਂ ਅਜਿਹਾ ਕੁਝ ਕਦੇ ਵੀ ਨਹੀਂ ਵਾਪਰਿਆ।’ ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਐੱਫ.ਬੀ.ਆਈ. ਦੀ ਜਾਂਚ ਦਸਤਾਵੇਜ਼ਾਂ ਨਾਲ ਭਰੇ 15 ਬਕਸਿਆਂ ਨਾਲ ਸਬੰਧਤ ਸੀ ਜੋ ਟਰੰਪ ਜਨਵਰੀ 2021 ‘ਚ ਵਾਈਟ ਹਾਊਸ ਛੱਡਣ ਸਮੇਂ ਮਾਰ-ਏ-ਲਾਗੋ ‘ਚ ਲੈ ਗਏ ਸਨ, ਜਿਨ੍ਹਾਂ ਵਿੱਚੋਂ ਕੁਝ ਦਸਤਾਵੇਜ਼ਾਂ ਨੂੰ ਗੁਪਤ ਐਲਾਨਿਆ ਗਿਆ ਹੈ। ਦੂਜੇ ਪਾਸੇ ਨਿਆਂ ਵਿਭਾਗ ਤੇ ਐੱਫ.ਬੀ.ਆਈ. ਨੇ ਛਾਪੇ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਕਿਹਾ, ‘ਸਬੰਧਤ ਸਰਕਾਰੀ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨ ਦੇ ਬਾਵਜੂਦ ਮੇਰੇ ਘਰ ‘ਤੇ ਬਿਨਾਂ ਦੱਸੇ ਛਾਪਾ ਮਾਰਨਾ ਸਹੀ ਨਹੀਂ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਕਾਰਵਾਈ ਵਿਕਾਸਸ਼ੀਲ ਦੇਸ਼ਾਂ ‘ਚ ਹੀ ਹੋ ਸਕਦੀ ਹੈ। ਐੱਫ.ਬੀ.ਆਈ. ਨੇ ਟਰੰਪ ਦੇ ਘਰ ਅਜਿਹੇ ਸਮੇਂ ਛਾਪਾ ਮਾਰਿਆ ਹੈ ਜਦੋਂ ਉਹ ਸਾਲ 2024 ‘ਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ।