ਸੋਸ਼ਲ ਮੀਡੀਆ ਫਰਮ ਟਵਿਟਰ ਨੂੰ ਖਰੀਦਣ ਦੇ ਸੌਦੇ ਨੂੰ ਖਤਮ ਕਰਨ ਕਰਕੇ ਟਵਿਟਰ ਨੇ ਟੇਲਸਾ ਦੇ ਸੀ.ਈ.ਓ. ਏਲਨ ਮਸਕ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ। ਇਹ ਕਦਮ ਏਲਨ ਮਸਕ ਵੱਲੋਂ 44 ਅਰਬ ਅਮਰੀਕਨ ਡਾਲਰ ਦੇ ਗ੍ਰਹਿਣ ਸੌਦੇ ਨੂੰ ਖਤਮ ਕਰਨ ਤੋਂ ਬਾਅਦ ਚੁੱਕਿਆ ਗਿਆ। ਸਪੂਤਨਿਕ ਦੇ ਅਨੁਸਾਰ ਏਲਨ ਮਸਕ ਨੇ ਟਵਿਟਰ ’ਤੇ ਆਪਣੇ ਫਰਜ਼ੀ ਖਾਤਿਆਂ ਦੀ ਸਹੀ ਸੰਖਿਆ ਨੂੰ ਲੁਕਾਉਣ ਅਤੇ ਇਸ ਬਾਰੇ ਮੰਗੀ ਗਈ ਪੂਰੀ ਜਾਣਕਾਰੀ ਪ੍ਰਦਾਨ ਨਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਉਨ੍ਹਾਂ ਨੇ ਇਸ ਅਧਾਰ ’ਤੇ ਸੌਦੇ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਜਵਾਬ ’ਚ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੇ ਕਿਹਾ ਕਿ ਉਹ 44 ਅਰਬ ਅਮਰੀਕਨ ਡਾਲਰ ਦੇ ਗ੍ਰਹਿਣ ਸੌਦੇ ਨੂੰ ਖਤਮ ਕਰਨ ਦੇ ਫ਼ੈਸਲੇ ’ਤੇ ਮਸਕ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗਾ। ਰਿਪੋਰਟ ਅਨੁਸਾਰ ਇਸ ਡੀਲ ਮੁਤਾਬਕ ਜੇਕਰ ਕੋਈ ਵੀ ਪਾਰਟੀ ਇਸ ਨੂੰ ਰੱਦ ਕਰਦੀ ਹੈ ਤਾਂ ਉਸ ਨੂੰ 1 ਬਿਲੀਅਨ ਡਾਲਰ ਯਾਨੀ ਕਰੀਬ 7904 ਕਰੋਡ਼ ਰੁਪਏ ਦੀ ਟਰਮੀਨੇਸ਼ਨ ਫੀਸ ਅਦਾ ਕਰਨੀ ਪਵੇਗੀ। ਟਵਿਟਰ ਨੇ ਡੇਲਾਵੇਅਰ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਉਹ ਮਸਕ ਨੂੰ ਹੁਕਮ ਦੇਵੇ ਕਿ ਟਵਿਟਰ ਸੌਦਾ ਉਸੇ ਕੀਮਤ (54.20 ਡਾਲਰ ਪ੍ਰਤੀ ਸ਼ੇਅਰ) ’ਤੇ ਪੂਰਾ ਕੀਤਾ ਜਾਵੇ।