ਟੀ-20 ਵਰਲਡ ਕੱਪ ‘ਚ ਅੱਜ ਇਕ ਹੋਰ ਵੱਡਾ ਉਲਟਫੇਰ ਹੋਇਆ ਜਦੋਂ ਸਕਾਟਲੈਂਡ ਦੀ ਟੀਮ ਨੇ ਦੋ ਵਾਰ ਦੀ ਚੈਂਪੀਅਨ ਵੈਸਟ ਇੰਡੀਜ਼ ਨੂੰ 42 ਦੌੜਾਂ ਨਾਲ ਹਰਾ ਦਿੱਤਾ। ਜਾਰਜ ਮੰਸੀ ਦੇ ਅਰਧ ਸੈਂਕੜੇ (ਅਜੇਤੂ 66) ਅਤੇ ਮਾਰਕ ਵਾਟ (12/3) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਸਕਾਟਲੈਂਡ ਨੇ ਸੋਮਵਾਰ ਨੂੰ ਇਹ ਜਿੱਤ ਦਰਜ ਕੀਤੀ। ਸਕਾਟਲੈਂਡ ਨੇ ਗਰੁੱਪ-ਬੀ ਦੇ ਮੈਚ ‘ਚ ਮੰਸੀ ਦੀਆਂ 53 ਗੇਂਦਾਂ ‘ਤੇ 9 ਚੌਕਿਆਂ ਦੀ ਮਦਦ ਨਾਲ 66 ਦੌੜਾਂ ਦੀ ਮਦਦ ਨਾਲ ਵੈਸਟ ਇੰਡੀਜ਼ ਨੂੰ 161 ਦੌੜਾਂ ਦਾ ਟੀਚਾ ਦਿੱਤਾ, ਜਿਸ ਦੇ ਜਵਾਬ ‘ਚ ਵੈਸਟ ਇੰਡੀਜ਼ ਦੀ ਟੀਮ 118 ਦੌੜਾਂ ‘ਤੇ ਆਲ ਆਊਟ ਹੋ ਗਈ। ਜੇਸਨ ਹੋਲਡਰ ਨੇ 33 ਗੇਂਦਾਂ ‘ਤੇ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 38 ਦੌੜਾਂ ਦੀ ਸੰਘਰਸ਼ਪੂਰਨ ਪਾਰੀ ਖੇਡੀ ਪਰ ਉਸ ਨੂੰ ਕਿਸੇ ਦਾ ਸਾਥ ਨਹੀਂ ਮਿਲਿਆ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉੱਤਰੀ ਸਕਾਟਲੈਂਡ ਨੇ ਪਾਰੀ ਦੀ ਜ਼ੋਰਦਾਰ ਸ਼ੁਰੂਆਤ ਕੀਤੀ। ਮੰਸੀ ਨੇ ਮਾਈਕਲ ਜੋਨਸ (20) ਨਾਲ ਮਿਲ ਕੇ ਪਹਿਲੀ ਵਿਕਟ ਲਈ 55 ਦੌੜਾਂ ਜੋੜੀਆਂ। ਇਸ ਤੋਂ ਬਾਅਦ ਕਪਤਾਨ ਰਿਚੀ ਬੇਰਿੰਗਟਨ (16), ਕੈਲਮ ਮੈਕਲਿਓਡ (23) ਅਤੇ ਕ੍ਰਿਸ ਗ੍ਰੀਵਜ਼ (16) ਨੇ ਮੰਸੀ ਦੇ ਨਾਲ ਮਿਲ ਕੇ ਸਕਾਟਲੈਂਡ ਨੂੰ 20 ਓਵਰਾਂ ‘ਚ 160/5 ਦੇ ਸਕੋਰ ਤੱਕ ਪਹੁੰਚਾਇਆ। ਵੈਸਟ ਇੰਡੀਜ਼ ਲਈ ਜੇਸਨ ਹੋਲਡਰ ਨੇ ਤਿੰਨ ਓਵਰਾਂ ‘ਚ 14 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਅਲਜ਼ਾਰੀ ਜੋਸੇਫ਼ ਨੇ ਚਾਰ ਓਵਰਾਂ ‘ਚ 28 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਚਾਰ ਓਵਰਾਂ ‘ਚ 31 ਦੌੜਾਂ ਦੇਣ ਵਾਲੇ ਓਡਿਅਨ ਸਮਿਥ ਨੇ ਇਕ ਵਿਕਟ ਲਈ। 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਲਗਾਤਾਰ ਵਿਕਟਾਂ ਗੁਆਉਣ ਕਾਰਨ ਮੈਚ ਤੋਂ ਬਾਹਰ ਹੋ ਗਈ। ਕਾਇਲ ਮੇਅਰਸ (20), ਏਵਿਨ ਲੁਈਸ (14) ਅਤੇ ਬ੍ਰੈਂਡਨ ਕਿੰਗ (17) ਨੇ ਚੰਗੀ ਸ਼ੁਰੂਆਤ ਤੋਂ ਬਾਅਦ ਨਿਰਾਸ਼ਾਜਨਕ ਤੌਰ ‘ਤੇ ਆਪਣੀਆਂ ਵਿਕਟਾਂ ਗੁਆ ਦਿੱਤੀਆਂ ਜਦਕਿ ਕਪਤਾਨ ਨਿਕੋਲਸ ਪੂਰਨ ਚਾਰ ਦੌੜਾਂ ਬਣਾ ਕੇ ਆਊਟ ਹੋ ਗਏ। ਰੋਵਮੈਨ ਪਾਵੇਲ ਦੇ ਰੂਪ ‘ਚ ਵੈਸਟਇੰਡੀਜ਼ ਦੀ ਪੰਜਵੀਂ ਵਿਕਟ ਡਿੱਗਣ ਤੋਂ ਬਾਅਦ ਕ੍ਰੀਜ਼ ‘ਤੇ ਆਏ ਹੋਲਡਰ ਨੇ ਟੀਮ ਨੂੰ ਟੀਚੇ ਦੇ ਨੇੜੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਸ਼ਮਾਰਾਹ ਬਰੂਕਸ, ਅਕੀਲ ਹੁਸੈਨ, ਅਲਜ਼ਾਰੀ ਜੋਸੇਫ ਅਤੇ ਓਡਿਅਨ ਸਮਿਥ ਉਸ ਦਾ ਸਾਥ ਨਹੀਂ ਦੇ ਸਕੇ। ਪਾਰੀ ਦੇ 19ਵੇਂ ਓਵਰ ‘ਚ ਜਿਵੇਂ ਹੀ ਹੋਲਡਰ ਦਾ ਵਿਕਟ ਡਿੱਗਿਆ, ਵੈਸਟਇੰਡੀਜ਼ ਦੀ ਪਾਰੀ ਦਾ ਅੰਤ ਹੋ ਗਿਆ ਅਤੇ ਸਕਾਟਲੈਂਡ ਨੇ ਇਹ ਮੈਚ 42 ਦੌੜਾਂ ਨਾਲ ਜਿੱਤ ਲਿਆ। ਮਾਰਕ ਵਾਟ ਨੇ ਚਾਰ ਓਵਰਾਂ ‘ਚ 12 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਬ੍ਰੈਡ ਵੀਲ ਅਤੇ ਮਾਈਕਲ ਲੀਸਕ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਜਾਸ਼ ਡੇਵੀ ਅਤੇ ਸਫ਼ਯਾਨ ਸ਼ਰੀਫ਼ ਨੇ ਇਕ-ਇਕ ਵਿਕਟ ਹਾਸਲ ਕੀਤੀ।