ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੁਕਬਾਲੇ ’ਚ ਇੰਡੀਆ ਨੇ ਮੇਜ਼ਬਾਨ ਇੰਗਲੈਂਡ ਨੂੰ 50 ਦੌਡ਼ਾਂ ਹਰਾ ਕੇ ਸੀਰੀਜ਼ ’ਚ 1-0 ਦੀ ਬਡ਼੍ਹਤ ਬਣਾਈ ਹੈ। ਹਾਰਦਿਕ ਪਾਂਡਿਆ ਦੀ ਆਲਰਾਊਂਡਰ ਖੇਡ ਦੀ ਬਦੌਲਤ ਇਹ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ’ਚ 8 ਵਿਕਟਾਂ ’ਤੇ 198 ਦੌਡ਼ਾਂ ਦਾ ਚੁਣੌਤੀਪੂਰਨ ਸਕੋਰ ਖਡ਼੍ਹਾ ਕੀਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 19.3 ਓਵਰਾਂ ’ਚ 148 ਦੌਡ਼ਾਂ ਹੀ ਬਣਾ ਸਕੀ। ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ ਅਤੇ ਕਪਤਾਨ ਜੋਸ ਬਟਲਰ ਭੁਵਨੇਸ਼ਵਰ ਕੁਮਾਰ ਦੀ ਗੇਂਦ ’ਤੇ ਜ਼ੀਰੋ ’ਤੇ ਆਊਟ ਹੋਏ। ਇੰਗਲੈਂਡ ਨੇ 6.1 ਓਵਰ ਤੱਕ ਆਪਣੇ 4 ਵਿਕਟ 33 ਦੌਡ਼ਾਂ ’ਤੇ ਗੁਆ ਦਿੱਤੇ ਹਨ। ਇਸ ਤੋਂ ਬਾਅਦ ਹੈਰੀ ਬਰੂਕ ਅਤੇ ਮੋਇਨ ਅਲੀ 5ਵੀਂ ਵਿਕਟ ਲਈ 61 ਦੌਡ਼ਾਂ ਦੀ ਸਾਂਝੇਦਾਰੀ ਕੀਤੀ ਪਰ ਇਹ ਜਿੱਤ ਲਈ ਕਾਫੀ ਨਹੀਂ ਸੀ। ਇੰਡੀਆ ਲਈ ਹਾਰਦਿਕ ਪਾਂਡਿਆ ਨੇ 4, ਯੁਜਵੇਂਦਰ ਚਾਹਿਲ ਨੇ 2, ਆਰਸ਼ਦੀਪ ਸਿੰਘ ਨੇ 2, ਭੁਵਨੇਸ਼ਵਰ ਕੁਮਾਰ ਅਤੇ ਹਰਸ਼ਲ ਪਟੇਲ ਨੇ 1-1 ਵਿਕਟ ਝਟਕੀ। ਹਾਰਦਿਕ ਪਾਂਡਿਆ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਲਈ ‘ਪਲੇਅਰ ਆਫ਼ ਦਿ ਮੈਚ’ ਐਵਾਰਡ ਦਿੱਤਾ ਗਿਆ। ਇਸ ਤੋਂ ਪਹਿਲਾਂ ਹਾਰਦਿਕ ਪਾਂਡਿਆ ਦੇ ਕਰੀਅਰ ਦੇ ਪਹਿਲੇ ਅਰਧ ਸੈਂਕਡ਼ੇ ਨਾਲ ਇੰਡੀਾ ਨੇ ਇੰਗਲੈਂਡ ਵਿਰੁੱਧ ਪਹਿਲੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ’ਚ 8 ਵਿਕਟਾਂ ’ਤੇ 198 ਦੌਡ਼ਾਂ ਬਣਾਈਆਂ। ਪਾਂਡਿਆ ਨੇ 33 ਗੇਂਦਾਂ ’ਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 51 ਦੌਡ਼ਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਸੂਰਿਆ ਕੁਮਾਰ ਯਾਦਵ (39) ਦੇ ਨਾਲ ਚੌਥੇ ਵਿਕਟ ਲਈ 37 ਤੇ ਅਕਸ਼ਰ ਪਟੇਲ (17) ਦੇ ਨਾਲ 5ਵੇਂ ਵਿਕਟ ਲਈ 45 ਦੌਡ਼ਾਂ ਦੀ ਸਾਂਝੇਦਾਰੀ ਕੀਤੀ। ਸੂਰਿਆ ਕੁਮਾਰ ਯਾਦਵ ਨੇ ਦੀਪਕ ਹੁੱਡਾ (33) ਨਾਲ ਵੀ ਤੀਸਰੇ ਵਿਕਟ ਲਈ 43 ਦੌਡ਼ਾਂ ਜੋਡ਼ੀਆਂ। ਇੰਗਲੈਂਡ ਵੱਲੋਂ ਕ੍ਰਿਸ ਜਾਰਡਨ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ ਚਾਰ ਓਵਰਾਂ ’ਚ 23 ਦੌਡ਼ਾਂ ਦੇ ਕੇ 2 ਵਿਕਟਾਂ ਝਟਕੀਆਂ। ਮੋਇਨ ਅਲੀ ਨੇ ਉਨ੍ਹਾਂ ਦਾ ਚੰਗਾ ਦਿੰਦੇ ਹੋਏ 2 ਓਵਰਾਂ ’ਚ 26 ਦੌਡ਼ਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਇੰਗਲੈਂਡ ਵਿਰੁੱਧ 5ਵੇਂ ਟੈਸਟ ਤੋਂ ਬਾਹਰ ਰਹੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤੇ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।