ਬਲਵਿੰਦਰ ਸਿੰਘ ਜਟਾਣਾ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿਰੋਧ ‘ਚ ਕੀਤੀ ਕਾਰਵਾਈ ਕਰਕੇ ਚਮਕੌਰ ਸਾਹਿਬ ਨੇੜਲੇ ਪਿੰਡ ਜਟਾਣਾ ਦਾ ਨਾਂ ਚਮਕਿਆ ਸੀ ਅਤੇ ਜਦੋਂ ਗਾਇਕ ਸਿੱਧੂ ਮੂਸੇਵਾਲਾ ਦਾ ‘ਐੱਸ.ਵਾਈ.ਐੱਲ’ ਗਾਣਾ ਆਇਆ ਤਾਂ ਇਹ ਪਿੰਡ ਇਕ ਵਾਰ ਸੁਰਖੀਆਂ ‘ਚ ਆਇਆ। ਨਵੀਂ ਪੀੜ੍ਹੀ ਵੀ ਇਸ ਪਿੰਡ ਤੇ ਮਾਮਲੇ ਤੋਂ ਜਾਣੂ ਹੋਈ। ਹੁਣ ਇਕ ਵਾਰ ਫਿਰ ਪਿੰਡ ਜਟਾਣਾ ਦੀ ਚਰਚਾ ਵਿਦੇਸ਼ਾਂ ਤੱਕ ਹੋ ਰਹੀ ਹੈ ਕਿਉਂਕਿ ਇਸੇ ਪਿੰਡ ਨਾਲ ਸਬੰਧਤ 22 ਸਾਲਾ ਜੈਸਮੀਨ ਕੌਰ ਡੈਨਮਾਰਕ ਦੀਆਂ ਪਾਰਲੀਮੈਂਟ ਚੋਣਾਂ ਲੜ ਰਹੀ ਹੈ। ਪਿੰਡ ਦੇ ਨਿਰਵੈਰ ਸਿੰਘ ਜਟਾਣਾ ਦੀ ਹੋਣਹਾਰ ਪੁੱਤਰੀ ਜੈਸਮੀਨ ਕੌਰ ਡੈਨਮਾਰਕ ਦੀਆਂ ਪਾਰਲੀਮੈਂਟ ਦੀਆਂ ਚੋਣਾਂ ‘ਚ ਕਿਸਮਤ ਅਜ਼ਮਾ ਰਹੀ ਹੈ। ਇਸ ਸਬੰਧੀ ਜੈਸਮੀਨ ਕੌਰ ਦੇ ਪਿੰਡ ਰਹਿੰਦੇ ਤਾਇਆ ਨੰਬਰਦਾਰ ਜਸਵੀਰ ਸਿੰਘ ਜਟਾਣਾ ਨੇ ਦੱਸਿਆ ਕਿ ਪਹਿਲੀ ਨਵੰਬਰ ਨੂੰ ਡੈਨਮਾਰਕ ‘ਚ ਹੋ ਰਹੀਆਂ ਪਾਰਲੀਮੈਂਟ ਦੀਆਂ ਚੋਣਾਂ ‘ਚ ਉਨ੍ਹਾਂ ਦੀ ਭਤੀਜੀ ਜੈਸਮੀਨ ਕੌਰ ਨੂੰ ਉਥੋਂ ਦੀ ਪ੍ਰਮੁੱਖ ਪਾਰਟੀ ਫ੍ਰੀ ਗ੍ਰੀਨ ਡੈਨਮਾਰਕ ਨੇ ਡੈਨਿਸ਼ ਪੀਪਲਜ਼ ਪਾਰਟੀ ਦੀ ਪ੍ਰਮੁੱਖ ਆਗੂ ਵਿਰੁੱਧ ਗਰੇਓ ਸ਼ੀ ਲੈਂਡ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਉਨ੍ਹਾਂ ਦੱਸਿਆ ਕਿ ਡੈਨਮਾਰਕ ਦੀ ਪਾਰਲੀਮੈਂਟ ਚੋਣ ਲੜਨ ਲਈ ਘੱਟ ਤੋਂ ਘੱਟ 20 ਹਜ਼ਾਰ ਵੋਟਰਾਂ ਦੇ ਦਸਤਖ਼ਤਾਂ ਦਾ ਸਮਰਥਨ ਹੋਣਾ ਜ਼ਰੂਰੀ ਹੁੰਦਾ। ਜੈਸਮੀਨ ਕੌਰ ਨੂੰ ਥੋੜ੍ਹੇ ਸਮੇਂ ‘ਚ ਹੀ 50 ਹਜ਼ਾਰ ਤੋਂ ਵੀ ਵੱਧ ਵੋਟਰਾਂ ਦਾ ਸਮਰਥਨ ਹਾਸਲ ਹੋਇਆ ਹੈ। ਉਹ ਡੈਨਮਾਰਕ ਦੀ ਪਾਰਲੀਮੈਂਟ ਦੀਆਂ ਚੋਣਾਂ ਲੜਨ ਵਾਲੀ ਪਹਿਲੀ ਭਾਰਤੀ ਮਹਿਲਾ ਹੈ ਜਦੋਂ ਕਿ ਜੈਸਮੀਨ ਕੌਰ ਦੀ ਪਾਰਟੀ ਵੱਲੋਂ ਖੰਨੇ ਦਾ ਨੌਜਵਾਨ ਯਾਦਵਿੰਦਰ ਸਿੰਘ ਵੀ ਚੋਣ ਮੈਦਾਨ ‘ਚ ਹੈ। ਉਨ੍ਹਾਂ ਦੱਸਿਆ ਕਿ ਡੈਨਮਾਰਕ ਪਾਰਲੀਮੈਂਟ ਦੇ 175 ਮੈਂਬਰਾਂ ਲਈਂ 5 ਲੱਖ ਤੋਂ ਵੱਧ ਵੋਟਰ 1 ਨਵੰਬਰ ਨੂੰ ਬੈਲਟ ਪੇਪਰਾਂ ਰਾਹੀਂ ਵੋਟ ਦਾ ਇਸਤੇਮਾਲ ਕਰਨਗੇ ਅਤੇ ਨਤੀਜਾ ਉਸੇ ਸ਼ਾਮ ਐਲਾਨਿਆ ਜਾਵੇਗਾ।