ਡੈਮੋਕਰੇਟਿਕ ਵੋਟਰਾਂ ਦਾ ਵੱਡਾ ਵਰਗ ਚਾਹੁੰਦਾ ਹੈ ਕਿ ਰਾਸ਼ਟਰਪਤੀ ਜੋ ਬਾਇਡਨ ਦੂਜੀ ਵਾਰ ਚੋਣ ਨਾ ਲੜਨ। ਅਮਰੀਕਨ ਨਿਊਜ਼ ਚੈਨਲ ਦੇ ਸਰਵੇ ਮੁਤਾਬਕ 57 ਫੀਸਦੀ ਡੈਮੋਕਰੇਟਸ ਨਹੀਂ ਚਾਹੁੰਦੇ ਕਿ ਬਾਇਡਨ ਮੁੜ ਚੋਣ ਲੜਨ। ਅਜਿਹੀ ਹੀ ਭਾਵਨਾ 66 ਫੀਸਦੀ ਨਿਰਪੱਖ ਅਮਰੀਕਨਾਂ ਤੇ 86 ਫੀਸਦੀ ਰਿਪਬਲਿਕਨਜ਼ ਦੀ ਹੈ। ਹਾਲਾਂਕਿ ਬਾਇਡਨ ਛੁੱਟੀਆਂ ਤੋਂ ਬਾਅਦ ਇਹ ਫੈਸਲਾ ਕਰਨਗੇ ਕਿ ਉਨ੍ਹਾਂ ਅਗਲੀ ਚੋਣ ਲੜਨੀ ਹੈ ਜਾਂ ਨਹੀਂ। ਅਕਤੂਬਰ ਦੇ ਮੁਕਾਬਲੇ ਬਾਇਡਨ ਦੀ ਲੋਕਪ੍ਰਿਯਤਾ ‘ਚ ਵੱਡੀ ਗਿਰਾਵਟ ਆਈ ਹੈ। ਦੋ ਮਹੀਨੇ ਪਹਿਲਾਂ ਉਨ੍ਹਾਂ ਦੀ ਅਪਰੂਵਲ ਰੇਟਿੰਗ 46 ਫੀਸਦੀ ਸੀ, ਜੋ ਡਿੱਗ ਕੇ 41 ਫੀਸਦੀ ਰਹਿ ਗਈ ਹੈ। ਦੂਜੇ ਪਾਸੇ ਉਨ੍ਹਾਂ ਨੂੰ ਲੋਕਪ੍ਰਿਯ ਨਾ ਮੰਨਣ ਵਾਲਿਆਂ ਦੀ ਗਿਣਤੀ 50 ਫੀਸਦੀ ਤੋਂ ਵਧ ਕੇ 54 ਫੀਸਦੀ ਹੋ ਗਈ ਹੈ। ਸਿਰਫ 14 ਫੀਸਦੀ ਲੋਕਾਂ ਨੇ ਮੰਨਿਆ ਕਿ ਅਰਥਵਿਵਸਥਾ ਬਿਹਤਰ ਢੰਗ ਨਾਲ ਕੰਮ ਕਰ ਰਹੀ ਹੈ। ਇਹ 2013 ਦੇ ਬਾਅਦ ਤੋਂ ਸਭ ਤੋਂ ਹੇਠਲਾ ਪੱਧਰ ਹੈ। ਸਰਵੇਖਣ ਮੁਤਾਬਕ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਵੋਟਰਾਂ ਦੀ ਭਾਰੀ ਨਾਰਾਜ਼ਗੀ ਹੈ। 37 ਫੀਸਦੀ ਰਿਪਬਲਿਕਨ ਵੋਟਰ, 61 ਫੀਸਦੀ ਨਿਰਪੱਖ ਤੇ 88 ਫੀਸਦੀ ਡੈਮੋਕਰੇਟਸ ਦਾ ਮੰਨਣਾ ਹੈ ਕਿ ਟਰੰਪ ਨੂੰ ਚੋਣ ਨਹੀਂ ਲੜਨੀ ਚਾਹੀਦੀ। ਹਾਲਾਂਕਿ ਪਿਛਲੇ ਮਹੀਨੇ ਹੀ ਉਹ ਐਲਾਨ ਕਰ ਚੁੱਕੇ ਹਨ ਕਿ ਉਹ 2024 ਦੀ ਰਾਸ਼ਟਰਪਤੀ ਉਮੀਦਵਾਰੀ ਲਈ ਦਾਅਵੇਦਾਰ ਹਨ।