ਪੰਜਾਬ ਦੇ ਬਹੁਚਰਚਿਤ ਡਰੱਗ ਮਾਮਲੇ ‘ਚ ਪੰਜ ਸਾਲ ਤੋਂ ਹਾਈ ਕੋਰਟ ‘ਚ ਪਏ ਸੀਲਬੰਦ ਲਿਫਾਫੇ ਖੁੱਲ੍ਹ ਗਏ ਹਨ ਅਤੇ ਇਨ੍ਹਾਂ ‘ਚ ਸਾਰੇ ਪੁਲੀਸ ਅਧਿਕਾਰੀਆਂ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਇਹ ਤਿੰਨ ਵਿਸ਼ੇਸ਼ ਜਾਂਚ ਰਿਪੋਰਟਾਂ ਪੰਜ ਅਪ੍ਰੈਲ ਨੂੰ ਪੰਜਾਬ ਸਰਕਾਰ ਨੂੰ ਸੌਂਪੀਆਂ ਗਈਆਂ ਹਨ। ਵੇਰਵਿਆਂ ਮੁਤਾਬਕ ਰਿਪੋਰਟ ‘ਚ ਕਈ ਪੁਲੀਸ ਅਧਿਕਾਰੀਆਂ ਦੀ ਭੂਮਿਕਾ ਦੀ ਹੋਰ ਅੱਗੇ ਜਾਂਚ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ‘ਚ ਉਚੇਚੇ ਤੌਰ ‘ਤੇ ਇੰਸਪੈਕਟਰ ਇੰਦਰਜੀਤ ਸਿੰਘ ਦਾ ਮਾਮਲਾ ਹੈ ਜਿਸ ਨੂੰ ਓ.ਆਰ.ਪੀ. ਲਾਇਆ ਗਿਆ ਸੀ ਅਤੇ ਹੁਣ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਬਰਖ਼ਾਸਤ ਕੀਤੇ ਗਏ ਅਧਿਕਾਰੀ ‘ਤੇ ਦੋਸ਼ ਹੈ ਕਿ ਉਹ ਬੇਕਸੂਰਾਂ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸਾਂ ‘ਚ ਫਸਾਉਣ ਦਾ ਧੰਦਾ ਚਲਾਉਂਦਾ ਸੀ। ਉਸ ‘ਤੇ ਦੋਸ਼ ਲੱਗਾ ਹੈ ਕਿ ਉਹ ਪਾਕਿਸਤਾਨ ਤੋਂ ਤਸਕਰੀ ਰਾਹੀਂ ਨਸ਼ੇ ਮੰਗਵਾਉਂਦਾ ਸੀ ਅਤੇ ਪੈਸੇ ਉਗਰਾਹੁਣ ਲਈ ਬੇਕਸੂਰਾਂ ਨੂੰ ਨਸ਼ਿਆਂ ਦੇ ਮਾਮਲੇ ‘ਚ ਫਸਾਉਂਦਾ ਸੀ ਜਾਂ ਨਸ਼ੇ ਵੇਚਣ ਲਈ ਮਜਬੂਰ ਕਰਦਾ ਸੀ। ਉਹ ਫੋਰੈਂਸਿਕ ਸਾਇੰਸ ਲੈਬਰਾਰਟਰੀ ਦੇ ਮੁਲਾਜ਼ਮਾਂ ਨਾਲ ਗੰਢਤੁੱਪ ਕਰਕੇ ਤਸਕਰਾਂ ਦੀ ਰਿਹਾਈ ਕਿਸੇ ਨਾ ਕਿਸੇ ਤਰੀਕੇ ਨਾਲ ਯਕੀਨੀ ਬਣਾਉਂਦਾ ਸੀ। ਰਿਪੋਰਟ ਏ.ਆਈ.ਜੀ. (ਤਤਕਾਲੀ ਐੱਸ.ਐੱਸ.ਪੀ.) ਰਾਜਜੀਤ ਸਿੰਘ ਹੁੰਦਲ ਦੀ ‘ਮਿਲੀਭੁਗਤ’ ਵੱਲ ਵੀ ਇਸ਼ਾਰਾ ਕਰਦੀ ਹੈ। ਉਸ ‘ਤੇ ਇੰਸਪੈਕਟਰ ਇੰਦਰਜੀਤ ਦੀ ਤਰੱਕੀ ਅਤੇ ਪੋਸਟਿੰਗ ਦੀ ਸਿਫ਼ਾਰਸ਼ ਕਰਨ ਦੇ ਦੋਸ਼ ਹਨ। ਰਿਪੋਰਟ ‘ਚ ਰਾਜਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਇਦਾਦ ਦੇ ਸੌਦੇ ਕਰਨ ਬਾਰੇ ਵੀ ਸਵਾਲ ਉਠਾਏ ਗਏ ਹਨ ਅਤੇ ਇਸ ਤੱਥ ਦੀ ਹੋਰ ਜਾਂਚ ਕਰਾਉਣ ਲਈ ਕਿਹਾ ਗਿਆ ਹੈ ਕਿਉਂਕਿ ਕਈ ਸੰਪਤੀਆਂ ਕੁਝ ਰਿਸ਼ਤੇਦਾਰਾਂ ਵੱਲੋਂ ਤੋਹਫ਼ੇ ‘ਚ ਦਿੱਤੇ ਗਏ ਪੈਸਿਆਂ ਤੋਂ ਬਣਾਈਆਂ ਗਈਆਂ ਹਨ। ਤਿੰਨ ਰਿਪੋਰਟਾਂ ਨੂੰ ਲਾਇਅਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਜਨਤਕ ਕੀਤਾ ਗਿਆ ਹੈ ਜਿਨ੍ਹਾਂ ਹਾਈ ਕੋਰਟ ਤੋਂ ਇਨ੍ਹਾਂ ਦੀਆਂ ਕਾਪੀਆਂ ਹਾਸਲ ਕੀਤੀਆਂ ਸਨ। ਜਥੇਬੰਦੀ ਦੇ ਜਨਰਲ ਸਕੱਤਰ ਅਤੇ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਹੁਣ ਰਿਪੋਰਟਾਂ ‘ਤੇ ਕਾਰਵਾਈ ਦਾ ਜ਼ਿੰਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹੈ। ਉਨ੍ਹਾਂ ਕਿਹਾ, ‘ਅਸੀਂ ਪੰਜਾਬ ‘ਚੋਂ ਨਸ਼ਿਆਂ ਦੀ ਅਲਾਮਤ ਖ਼ਤਮ ਕਰਾਉਣ ਲਈ 2013 ਤੋਂ ਲੜ ਰਹੇ ਹਾਂ ਅਤੇ ਇਸ ਮਕਸਦ ਲਈ ਹਾਈ ਕੋਰਟ ‘ਚ ਜਨਹਿੱਤ ਪਟੀਸ਼ਨ ਪਾਈ ਸੀ।’ ਮੋਗਾ ਦੇ ਐੱਸ.ਐੱਸ.ਪੀ. ਰਾਜਜੀਤ ਸਿਘ ਹੁੰਦਲ ਦੀ ਇੰਦਰਜੀਤ ਸਿੰਘ ਨਾਲ ਕਥਿਤ ਸਾਂਝ ਦੇ ਮਾਮਲੇ ਦੀ ਜਾਂਚ ਲਈ ਅਦਾਲਤ ਨੇ 15 ਦਸੰਬਰ, 2017 ‘ਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਇਸ ਦਾ ਖੁਲਾਸਾ 12 ਜੂਨ, 2017 ‘ਚ ਪੁਲੀਸ ਸਟੇਸ਼ਨ ‘ਚ ਦਰਜ ਐੱਫ.ਆਈ.ਆਰ. ਨੰਬਰ-1 ਤੋਂ ਹੋਇਆ ਹੈ। ਇੰਦਰਜੀਤ ਨੂੰ ਏ.ਡੀ.ਜੀ.ਪੀ. (ਹੁਣ ਡੀ.ਜੀ.ਪੀ.) ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਵਿਸ਼ੇਸ਼ ਟਾਸਕ ਫੋਰਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀ.ਜੀ.ਪੀ. ਸਿਧਾਰਥ ਚਟੋਪਾਧਿਆ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ‘ਚ ਡੀਜਪੀ ਪ੍ਰਬੋਧ ਕੁਮਾਰ, ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਲ ਸਨ।