ਹਾਈ ਕੋਰਟ ਵੱਲੋਂ ਡਰੱਗ ਮਾਮਲੇ ‘ਚ ਤਿੰਨ ਸੀਲਬੰਦ ਰਿਪੋਰਟਾਂ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਡਰੱਗ ਮਾਮਲੇ ‘ਚ ਇੰਦਰਜੀਤ ਸਿੰਘ ਦੇ ਨਾਲ ਕਥਿਤ ਸਬੰਧਾਂ ਕਰਕੇ ਵਿਵਾਦਾਂ ਘਿਰੇ ਹੋਏ ਐੱਸ.ਐੱਸ.ਪੀ. ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਡਰੱਗ ਮਾਮਲੇ ‘ਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਨਸ਼ਾ ਤਸਕਰੀ ‘ਚ ਸ਼ਾਮਲ ਕਿਸੇ ਵੀ ਰਸੂਖ਼ਵਾਨ ਨੂੰ ਬਖਸ਼ਿਆ ਨਹੀਂ ਜਾਵੇਗਾ। ਟਵੀਟ ‘ਚ ਉਨ੍ਹਾਂ ਕਿਹਾ ਕਿ ਇਸ ਲਈ ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਘੋਖਣ ਮਗਰੋਂ ਰਾਜਜੀਤ ਸਿੰਘ ਨੂੰ ਡਰੱਗ ਤਸਕਰੀ ਕੇਸ ‘ਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਂਦਾ ਹੈ। ਰਾਜਜੀਤ ਦੀ ਜਾਇਦਾਦ ਦੀ ਜਾਂਚ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਜੀਲੈਂਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਜਾਇਦਾਦ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। ਮੋਗਾ, ਹੁਸ਼ਿਆਰਪੁਰ ਅਤੇ ਤਰਨਤਾਰਨ ਵਰਗੇ ਜ਼ਿਲ੍ਹਿਆਂ ਦੇ ਐੱਸ.ਐੱਸ.ਪੀ ਰਹੇ ਪੀ.ਪੀ.ਐੱਸ. ਅਧਿਕਾਰੀ ਰਾਜਜੀਤ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਖਾਸਤ ਕਰਨ ਬਾਰੇ ਜਿਵੇਂ ਹੀ ਟਵੀਟ ਕੀਤਾ ਤਾਂ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਖਾਸਕਰ ਪੁਲੀਸ ਵਿਭਾਗ ਤੇ ਅਧਿਕਾਰੀਆਂ ‘ਚ ਤਾਂ ਇਕ ਤਰ੍ਹਾਂ ਨਾਲ ਹੜਕੰਮ ਮੱਚ ਗਿਆ। ਵਰਨਣਯੋਗ ਹੈ ਕਿ ਸਾਲ 2017 ‘ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਤਸਕਰੀ ਆਦਿ ਨੂੰ ਰੋਕਣ ਲਈ ਏ.ਡੀ.ਜੀ.ਪੀ. ਹਰਪ੍ਰੀਤ ਸਿੱਧੂ ਦੀ ਅਗਵਾਈ ‘ਚ ਵਿਸ਼ੇਸ਼ ਟਾਸਕ ਫੋਰਸ ਬਣਾਈ ਗਈ ਸੀ, ਜਿਸ ਨੇ ਰਾਜਜੀਤ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਭੂਮਿਕਾ ‘ਤੇ ਉਂਗਲ ਉਠਾਈ ਸੀ। ਇੰਸਪੈਕਟਰ ਇੰਦਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ। ਰਾਜਜੀਤ ਸਿੰਘ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਕਿ ਇਸ ਦੀ ਹਰਪ੍ਰੀਤ ਸਿੰਘ ਸਿੱਧੂ ਦੀ ਥਾਂ ਕਿਸੇ ਹੋਰ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ, ਜਿਸ ‘ਤੇ ਹਾਈ ਕੋਰਟ ਨੇ ਸਾਬਕਾ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਦੀ ਅਗਵਾਈ ‘ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ। ਇਸ ‘ਚ ਡਾਇਰੈਕਟਰ ਆਫ ਇਨਵੈਸਟੀਗੇਸ਼ਨ ਪ੍ਰਬੋਧ ਕੁਮਾਰ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸ਼ਾਮਲ ਸਨ। ਐਸ.ਆਈ.ਟੀ. ਨੇ ਸਾਲ 2018 ‘ਚ ਆਪਣੀਆਂ ਚਾਰ ਰਿਪੋਰਟਾਂ ਸੀਲਬੰਦ ਕਵਰਾਂ ‘ਚ ਹਾਈ ਕੋਰਟ ਨੂੰ ਸੌਂਪੀਆਂ, ਜੋ ਉਦੋਂ ਤੋਂ ਬੰਦ ਪਈਆਂ ਸਨ। ਕੁਝ ਦਿਨ ਪਹਿਲਾਂ ਹਾਈ ਕੋਰਟ ਨੇ ਤਿੰਨ ਰਿਪੋਰਟਾਂ ਖੋਲ੍ਹ ਕੇ ਸਰਕਾਰ ਨੂੰ ਕਾਰਵਾਈ ਲਈ ਲਿਖਿਆ ਸੀ। ਰਿਪੋਰਟ ਨੇ ਰਾਜਜੀਤ ਸਿੰਘ ਅਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਸਬੰਧਾਂ ‘ਤੇ ਉਂਗਲ ਉਠਾਈ ਹੈ। ਐਸ.ਆਈ.ਟੀ. ਨੇ ਜਿੱਥੇ ਰਾਜਜੀਤ ਸਿੰਘ ਦੀ 2013 ਤੋਂ ਬਾਅਦ ਬਣੀ ਜਾਇਦਾਦ ਦੀ ਜਾਂਚ ਕਰਵਾਉਣ ਦੀ ਸਿਫ਼ਾਰਸ਼ ਕੀਤੀ, ਉਥੇ ਹੀ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਉਸ ਦੇ ਸਬੰਧਾਂ ਦੀ ਜਾਂਚ ਕਰਵਾਉਣ ਦੀ ਵੀ ਸਿਫ਼ਾਰਸ਼ ਕੀਤੀ। ਤਿੰਨ ਰਿਪੋਰਟਾਂ ‘ਚ ਮੋਗਾ ਦੇ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਬਾਰੇ ਕਿਹਾ ਗਿਆ ਹੈ ਕਿ ਉਸ ਨੇ ਪੰਜ ਸਾਲਾਂ ‘ਚ ਬਹੁਤ ਸਾਰੀ ਜਾਇਦਾਦ ਹਾਸਲ ਕੀਤੀ ਹੈ ਜੋ ਕਿ ਬਹੁਤ ਮਹਿੰਗੀ ਹੈ ਪਰ ਘੱਟ ਰੇਟ ‘ਤੇ ਲਈ ਗਈ ਦਿਖਾਈ ਗਈ ਹੈ। ਹਾਲਾਂਕਿ, ਰਿਪੋਰਟ ‘ਚ ਰਾਜਜੀਤ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਕਿ ਇਹ ਜਾਇਦਾਦ ਉਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਤੋਹਫ਼ੇ ‘ਚ ਦਿੱਤੀ ਸੀ। ਰਾਜਜੀਤ ਸਿੰਘ ‘ਤੇ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਆਊਟ ਆਫ ਟਰਨ ਪ੍ਰਮੋਸ਼ਨ ਦੇਣ ਅਤੇ ਉਸ ਨੂੰ ਆਪਣੇ ਨਾਲ ਹਰ ਜ਼ਿਲ੍ਹੇ ‘ਚ ਲਿਜਾਣ, ਨਿਯਮਾਂ ਦੇ ਉਲਟ ਜਾ ਕੇ ਸੀ.ਆਈ.ਏ. ਦਾ ਇੰਚਾਰਜ ਬਣਾਉਣ ਦੇ ਦੋਸ਼ ਵੀ ਲਗਾਏ ਗਏ ਹਨ।