ਡੇਰਾ ਬਿਆਸ ਦੇ ਸ਼ਰਧਾਲੂਆਂ ਅਤੇ ਤਰਨਾ ਦਲ ਦੇ ਨਿਹੰਗ ਸਿੰਘਾਂ ਦਰਮਿਆਨ ਖੂਨੀ ਝੜਪ ਹੋ ਗਈ ਜਿਸ ਦੌਰਾਨ ਦੋਵਾਂ ਧਿਰਾਂ ਦੇ ਦਰਜਨ ਤੋਂ ਵਧੇਰੇ ਵਿਅਕਤੀ ਜ਼ਖ਼ਮੀ ਹੋਏ। ਇਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਬਿਆਸ ਹਸਪਤਾਲ, ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਅਤੇ ਕਈਆਂ ਨੂੰ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਡੇਰਾ ਬਿਆਸ ਦੇ ਪ੍ਰਬੰਧਕ ਮੈਜਿਕਲੈਂਡ ‘ਚ ਬੈਠੇ ਹੋਏ ਸਨ ਕਿ ਨਾਲ ਹੀ ਲੱਗਦੇ ਗੁਰਦੁਆਰਾ ਅਮਾਨਤਸਰ ਵਿਖੇ ਵੀ ਨਿਹੰਗ ਸਿੰਘ ਬੈਠੇ ਸਨ। ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਨਿਹੰਗ ਸਿੰਘਾਂ ਦੇ ਇਕ ਜਥੇ ਵੱਲੋਂ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਅਤੇ ਉਨ੍ਹਾਂ ‘ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ, ਜਦਕਿ ਤਰਨਾ ਦਲ ਦੇ ਸੇਵਾਦਾਰ ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਡੇਰਾ ਪ੍ਰਬੰਧਕ ਨੇ ਆਪਣੇ ਹੋਰ ਪੈਰੋਕਾਰਾਂ ਨੂੰ ਨਾਲ ਲੈ ਕੇ ਸਾਡੇ ‘ਤੇ ਆ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਨ੍ਹਾਂ ਦੇ 8 ਨਿਹੰਗ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਨਿਹੰਗ ਸਿੰਘਾਂ ਵਿਚ ਬਾਬਾ ਸੁੱਖਾ ਸਿੰਘ, ਪ੍ਰਗਟ ਸਿੰਘ, ਸਰਵਨ ਸਿੰਘ, ਬੁੱਧ ਸਿੰਘ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ, ਜਦਕਿ ਚਾਰ ਹੋਰ ਨਿਹੰਗ ਸਿੰਘਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਤਪਾਲ ‘ਚ ਰੈਫਰ ਕੀਤਾ ਗਿਆ, ਜਿਨ੍ਹਾਂ ਦੇ ਨਾਵਾਂ ਦੀ ਪੁਸ਼ਟੀ ਨਹੀਂ ਹੋ ਸਕੀ। ਇਸੇ ਖੂਨੀ ਝੜਪ ਦੌਰਾਨ ਕਾਫ਼ੀ ਗੱਡੀਆਂ ਦੀ ਭੰਨਤੋੜ ਵੀ ਹੋਈ। ਇਸ ਤੋਂ ਇਲਾਵਾ ਥਾਣੇਦਾਰ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਵੀ ਇਲਾਜ ਲਈ ਬਿਆਸ ਦੇ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਡੇਰਾ ਬਿਆਸ ਪ੍ਰਬੰਧਕਾਂ ਨੇ ਨਿਹੰਗ ਸਿੰਘਾਂ ਵੱਲੋਂ ਕੀਤੀ ਗਈ ਕਾਰਵਾਈ ਨੂੰ ਧੱਕੇਸ਼ਾਹੀ ਦੱਸਿਆ, ਜਦਕਿ ਨਿਹੰਗ ਸਿੰਘਾਂ ਅਨੁਸਾਰ ਡੇਰਾ ਬਿਆਸ ਦੇ ਸ਼ਰਧਾਲੂਆਂ ਵੱਲੋਂ ਸਾਡੇ ‘ਤੇ ਹਮਲਾ ਕੀਤਾ ਗਿਆ ਹੈ। ਮੌਕੇ ‘ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਵੀ ਪੁੱਜ ਗਏ ਜੋ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਦੋਵਾਂ ਧਿਰਾਂ ‘ਚ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਸੀ।