ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਐੱਚ.ਸੀ. ਅਰੋੜਾ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣ ਖ਼ਿਲਾਫ਼ ਹਰਿਆਣਾ ਦੇ ਚੀਫ ਸੈਕਰਟਰੀ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਚੰਡੀਗੜ੍ਹ ਦੇ ਵਕੀਲ ਨੇ ਹਰਿਆਣਾ ਦੇ ਚੀਫ ਸੈਕਰਟਰੀ ਨੂੰ ਭੇਜੇ ਨੋਟਿਸ ‘ਚ ਕਿਹਾ ਹੈ ਕਿ ਰਾਮ ਰਹੀਮ ਨੂੰ ਸਾਧਵੀਆਂ ਦੇ ਜ਼ਬਰ-ਜਿਨਾਹ ਅਤੇ ਕਤਲ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਜਿਸ ਦੌਰਾਨ ਉਹ ਯੂ.ਪੀਪ ਦੇ ਬਾਗਪਤ ‘ਚ ਰਹਿ ਕੇ ਸਤਸੰਗ ਕਰ ਰਿਹਾ ਹੈ। ਵਕੀਲ ਨੇ ਰਾਮ ਰਹੀਮ ਦੇ ਆਨਲਾਈਨ ਸਤਸੰਗ ਕਰਨ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ‘ਚ ਸੱਤਾਧਾਰੀ ਪਾਰਟੀ ਭਾਜਪਾ ਅਤੇ ਵਿਰੋਧੀ ਪਾਰਟੀ ਦੇ ਨੇਤਾ ਰਾਮ ਰਹੀਮ ਤੋਂ ਆਸ਼ੀਰਵਾਦ ਲੈ ਰਹੇ ਹਨ। ਇਸ ਨਾਲ ਪੰਚਾਇਤੀ ਚੋਣਾਂ ਅਤੇ ਆਦਮਪੁਰ ਚੋਣਾਂ ਦੀ ਨਿਰਪੱਖਤਾ ‘ਤੇ ਵੀ ਸਵਾਲ ਖੜ੍ਹੋ ਹੋ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਯੂ-ਟਿਊਬ ‘ਤੇ ਡੇਰਾ ਮੁਖੀ ਦੇ ਗੀਤ ‘ਸਾਡੀ ਨਿੱਤ ਦੀਵਾਲੀ’ ਹਟਾਉਣ ਦੀ ਵੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਦੀ ਚੀਫ ਸਵਾਤੀ ਮਾਲੀਵਾਲ ਵੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਦੀ ਮੰਗ ਕਰ ਚੁੱਕੀ ਹੈ। ਉਨ੍ਹਾਂ ਕਿਹਾ ਸੀ ਕਿ ਹਰਿਆਣਾ ਸਰਕਾਰ ਦਾ ਜਦੋਂ ਵੀ ਦਿਲ ਕਰਦਾ ਹੈ, ਉਹ ਰਾਮ ਰਹੀਮ ਨੂੰ ਪੈਰੋਲ ‘ਤੇ ਛੱਡ ਦਿੰਦੀ ਹੈ ਅਤੇ ਇਸ ਵਾਰ ਤਾਂ ਉਹ ਪੈਰੋਲ ‘ਤੇ ਬਾਹਰ ਆ ਕੇ ਵੱਖ-ਵੱਖ ਥਾਵਾਂ ‘ਤੇ ਸਤਸੰਗ ਕਰ ਰਿਹਾ ਹੈ। ਇਨ੍ਹਾਂ ਸਤਸੰਗਾਂ ‘ਚ ਹਰਿਆਣਾ ਸਰਕਾਰ ਦੇ ਮੰਤਰੀ ਵੀ ਹਿੱਸਾ ਲੈ ਰਹੇ ਹਨ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਪੰਜਾਬ ‘ਚ ਡੇਰਾ ਖੋਲ੍ਹਣ ਦੇ ਦਿੱਤੇ ਬਿਆਨ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਪਰ ਉਹ ਗੁਰਮੀਤ ਰਾਮ ਰਹੀਮ ਨੂੰ ਬਾਬਾ ਹੀ ਨਹੀਂ ਮੰਨਦੇ।