ਡੇਰਾ ਸਲਾਬਤਪੁਰਾ ਸਮੇਤ ਬਠਿੰਡਾ ਜ਼ਿਲ੍ਹੇ ‘ਚ ਕੁਝ ਥਾਵਾਂ ‘ਤੇ ਸਥਿਤੀ ਤਣਾਅਪੂਰਨ ਬਣੀ ਰਹੀ। ਇਸ ਦਾ ਕਾਰਨ ਪੈਰੋਲ ‘ਤੇ ਆਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਵਰਚੁਅਲ ਸਤਿਸੰਗ ਸੀ। ਇਕ ਪਾਸੇ ਡੇਰਾ ਪ੍ਰੇਮੀ ਸਤਿਸੰਗ ਸੁਣਨ ਲਈ ਡੇਰਾ ਸਲਾਬਤਪੁਰਾ ਸਮੇਤ ਹੋਰਨਾਂ ਡੇਰਿਆਂ ‘ਚ ਇਕੱਠੇ ਹੋਏ ਤਾਂ ਦੂਜੇ ਪਾਸੇ ਸਿੱਖ ਜਥੇਬੰਦੀਆਂ ਨੇ ਇਸ ਵਿਰੋਧ ਕਰਦਿਆਂ ਇਕੱਠੇ ਹੋ ਕੇ ਧਰਨਾ ਲਾਇਆ। ਸ਼੍ਰੋਮਣੀ ਅਕਾਲੀ ਦਲ (ਅ) ਤੇ ਹੋਰ ਸਿੱਖ ਜਥੇਬੰਦੀਆਂ ਨੇ ਡੇਰਾ ਸਿਰਸਾ ਦੇ ਮੁਖੀ ਵੱਲੋਂ ਪੰਜਾਬ ਵਿਚਲੇ ਆਪਣੇ ਹੈੱਡਕੁਆਰਟਰ ਡੇਰਾ ਸਲਾਬਤਪੁਰਾ ‘ਚ ਕੀਤੇ ਜਾ ਰਹੇ ਵਰਚੁਅਲ ਸਤਿਸੰਗ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਡੇਰੇ ਨੂੰ ਜਾਣ ਵਾਲੇ ਮੁੱਖ ਰਸਤੇ ਬਾਜਾਖਾਨਾ-ਬਰਨਾਲਾ ਸੜਕ ‘ਤੇ ਪਿੰਡ ਜਲਾਲ ਦੇ ਬੱਸ ਅੱਡੇ ਕੋਲ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਜਥੇਬੰਦੀਆਂ ਦੇ ਵਿਰੋਧ ਕਾਰਨ ਬਾਜਾਖਾਨਾ-ਬਰਨਾਲਾ ਸੜਕ ‘ਤੇ ਵੱਡਾ ਜਾਮ ਲੱਗ ਗਿਆ, ਜਿਸ ਨੂੰ ਪੁਲੀਸ ਨੇ ਮਗਰੋਂ ਖੁੱਲ੍ਹਵਾ ਦਿੱਤਾ। ਇਸ ਮੌਕੇ ਜਦੋਂ ਪੁਲੀਸ ਨੇ ਧਰਨਾ ਲਗਾਉਣ ਵਾਲੇ ਕਾਰਕੁਨਾਂ ਨੂੰ ਬੱਸਾਂ ‘ਚ ਬਿਠਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਪੁਲੀਸ ਖ਼ਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲੀਸ ਵਿਭਾਗ ਵੱਲੋਂ ਸਵੇਰੇ ਹੀ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਇਸ ਥਾਂ ‘ਤੇ ਤਾਇਨਾਤ ਕਰ ਦਿੱਤੇ ਗਏ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਭਾਈ ਰਣਜੀਤ ਸਿੰਘ ਵਾਂਦਰ, ਬਾਬਾ ਬਲਜਿੰਦਰ ਸਿੰਘ ਲੱਛਾ, ਦਮਦਮੀ ਟਕਸਾਲ ਦੇ ਬਾਬਾ ਰੇਸ਼ਮ ਸਿੰਘ, ਗੁਰਚਰਨ ਸਿੰਘ ਭਗਤਾ, ਡਾ. ਬਲਜੀਤ ਸਿੰਘ ਸਰਾਵਾਂ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਜਾਣ-ਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦਾ ਨਾਂ ਬੇਅਦਬੀ ਮਾਮਲੇ ‘ਚ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਉਸ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਪੁਲੀਸ ਪਹਿਰੇ ਹੇਠ ਉਸ ਦੀਆਂ ਨਾਮ ਚਰਚਾਵਾਂ ਕਰਵਾ ਰਹੀ ਹੈ। ਉਨ੍ਹਾਂ ਡੇਰਾ ਸਿਰਸਾ ਮੁਖੀ ਨੂੰ ਮੁੜ-ਮੁੜ ਪੈਰੋਲ ਦੇਣ ‘ਤੇ ਵੀ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਕ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਸੰਗੀਨ ਦੋਸ਼ਾਂ ਹੇਠ ਸਜ਼ਾ ਭੁਗਤ ਰਹੇ ਡੇਰਾ ਮੁਖੀ ਨੂੰ ਚਾਰ ਵਾਰ ਪੈਰੋਲ ‘ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਡੇਰਾ ਮੁਖੀ ਦੇ ਸਤਿਸੰਗ ਬੰਦ ਨਾ ਕਰਵਾਏ ਗਏ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਦੂਜੇ ਪਾਸੇ ਬਹਿਬਲ ਇਨਸਾਫ਼ ਮੋਰਚੇ ਦੇ ਆਗੂਆਂ ਨੇ ਪਿੰਡ ਬਹਿਬਲ ਕਲਾਂ ਨੇੜੇ ਡੇਰਾ ਸਿਰਸਾ ਮੁਖੀ ਦੇ ਵਰਚੁਅਲ ਸਤਿਸੰਗ ‘ਚ ਸ਼ਾਮਲ ਹੋਣ ਲਈ ਸਲਾਬਤਪੁਰਾ ਜਾ ਰਹੇ ਡੇਰਾ ਪ੍ਰੇਮੀਆਂ ਦੀਆਂ ਬੱਸਾਂ ਰੋਕ ਲਈਆਂ। ਰੋਕੀਆਂ ਗਈਆਂ ਅੱਧੀ ਦਰਜਨ ਬੱਸਾਂ ‘ਚ 300 ਤੋਂ ਵੱਧ ਡੇਰਾ ਪ੍ਰੇਮੀ ਸਵਾਰ ਸਨ। ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀਆਂ ਨਾਲ ਭਰੀਆਂ ਬੱਸਾਂ ਪਿੰਡ ਬਹਿਬਲ ਕਲਾਂ ਨੇੜੇ ਇਨਸਾਫ਼ ਲਈ ਲੱਗੇ ਮੋਰਚੇ ਕੋਲੋਂ ਲੰਘਣ ਲੱਗੀਆਂ ਤਾਂ ਬਹਿਬਲ ਗੋਲੀ ਕਾਂਡ ਦੇ ਪੀੜਤ ਸੁਖਰਾਜ ਸਿੰਘ ਨਿਆਮੀਵਾਲਾ ਦੀ ਅਗਵਾਈ ਹੇਠ ਸਿੱਖ ਕਾਰਕੁਨਾਂ ਨੇ ਉਕਤ ਬੱਸਾਂ ਨੂੰ ਰੋਕ ਲਿਆ। ਇਸ ਮੌਕੇ ਕੁਝ ਸਿੱਖ ਕਾਰਕੁਨਾਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਤਕਰਾਰ ਵੀ ਹੋਈ ਪਰ ਮੌਕੇ ‘ਤੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਪਹੁੰਚ ਜਾਣ ਨਾਲ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪੁਲੀਸ ਦੇ ਦਖ਼ਲ ਮਗਰੋਂ ਡੇਰਾ ਪ੍ਰੇਮੀ ਆਪਣੀਆਂ ਬੱਸਾਂ ਫ਼ਰੀਦਕੋਟ ਵਾਪਸ ਲੈ ਗਏ। ਇਸ ਤੋਂ ਬਾਅਦ ਜ਼ਿਲ੍ਹਾ ਪੁਲੀਸ ਨੇ ਫ਼ਰੀਦਕੋਟ ਜ਼ਿਲ੍ਹੇ ਅੰਦਰ ‘ਚ ਪੈਂਦੇ ਕੌਮੀ ਮਾਰਗ-54 ‘ਤੇ ਨਾਕਾਬੰਦੀ ਕਰ ਦਿੱਤੀ।