ਡਾਲਰ ਦੇ ਮੁਕਾਬਲੇ ਰੋਜ਼ਾਨਾ ਡਿੱਗ ਰਹੇ ਰੁਪਏ ਕਾਰਨ ਵਿਦੇਸ਼ ’ਚ ਪਡ਼੍ਹਾਈ ਦੀ ਖਾਹਿਸ਼ ਰੱਖਣ ਵਾਲੇ ਨੌਜਵਾਨਾਂ ਦੇ ਸੁਫਨੇ ਚਕਨਾਚੂਰ ਹੋ ਰਹੇ ਹਨ। ਉਹ ਘਬਰਾਏ ਹੋਏ ਹਨ ਕਿ ਅਮਰੀਕਨ ਯੂਨੀਵਰਸਿਟੀ ’ਚ ਦਾਖ਼ਲੇ ਦੀ ਇੱਛਾ ਪੂਰੀ ਕਰਨ ਲਈ ਹੁਣ ਉਨ੍ਹਾਂ ਨੂੰ ਜ਼ਿਆਦਾ ਪੈਸੇ ਖ਼ਰਚਣੇ ਪੈਣਗੇ ਜਾਂ ਫਿਰ ਅਜਿਹੇ ਕਿਸੇ ਮੁਲਕ ਜਾਣਾ ਪਵੇਗਾ ਜਿਥੇ ਪਡ਼੍ਹਾਈ ਸਸਤੀ ਹੋਵੇ। ਵਿੱਤੀ ਅਦਾਰਿਆਂ ਮੁਤਾਬਕ ਵਿਦਿਆਰਥੀਆਂ ਦੇ ਖ਼ਦਸ਼ੇ ਜਾਇਜ਼ ਹਨ ਕਿਉਂਕਿ ਉਨ੍ਹਾਂ ਨੂੰ ਸਿੱਖਿਆ ਲਈ ਕਰਜ਼ਾ ਵੱਧ ਲੈਣਾ ਪਵੇਗਾ। ਸਟੱਡੀ ਅਬਰੌਡ ਕੰਸਲਟੈਂਟਸ ਦਾ ਮੰਨਣਾ ਹੈ ਕਿ ਅਮਰੀਕਾ ’ਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਨੂੰ ਫਿਕਰ ਕਰਨ ਦੀ ਲੋਡ਼ ਨਹੀਂ ਹੈ। ਅਮਰੀਕਾ ’ਚ ਕਾਨੂੰਨ ਦੀ ਪਡ਼੍ਹਾਈ ਕਰਨ ਦੀ ਯੋਜਨਾ ਬਣਾ ਰਹੇ ਪੁਸ਼ਪੇਂਦਰ ਕੁਮਾਰ ਨੇ ਕਿਹਾ, ‘ਅਮਰੀਕਨ ਡਾਲਰ ਦੇ ਮੁਕਾਬਲੇ ’ਚ ਰੁਪਏ ਦੀ ਰਿਕਾਰਡ ਗਿਰਾਵਟ ਕਾਰਨ ਮੇਰੇ ਵਰਗੇ ਹੋਰ ਕਈ ਵਿਦਿਆਰਥੀਆਂ ਦੇ ਮਨਾਂ ’ਚ ਖ਼ਦਸ਼ੇ ਪੈਦਾ ਹੋ ਗਏ ਹਨ। ਰੁਪਏ ’ਚ ਗਿਰਾਵਟ ਕਾਰਨ ਵਿਦੇਸ਼ ’ਚ ਸਿੱਖਿਆ ਹਾਸਲ ਕਰਨ ਦੀਆਂ ਯੋਜਨਾਵਾਂ ’ਤੇ ਵਧੇਰੇ ਅਸਰ ਪਵੇਗਾ ਅਤੇ ਵਿੱਤੀ ਬੋਝ ਹੋਰ ਵਧੇਗਾ।’ ਉਸਦੇ ਦੋਸਤ ਭਾਵੇਂ ਕਿਸੇ ਹੋਰ ਮੁਲਕ ਵੱਲ ਰੁਖ਼ ਕਰ ਸਕਦੇ ਹਨ ਪਰ ਉਸ ਕੋਲ ਹੋਰ ਕੋਈ ਬਦਲ ਨਹੀਂ ਹੈ ਕਿਉਂਕਿ ਕਾਨੂੰਨ ਦੀ ਪਡ਼੍ਹਾਈ ਸਾਰੇ ਮੁਲਕਾਂ ’ਚ ਵੱਖੋ ਵੱਖਰੀ ਹੈ। ਬੀਤੇ ਹਫ਼ਤੇ ਡਾਲਰ ਦੇ ਮੁਕਾਬਲੇ ’ਚ ਰੁਪੱਈਆ 80 ਦੇ ਅੰਕਡ਼ੇ ਕਰੀਬ ਪਹੁੰਚ ਗਿਆ ਸੀ। ਸਰਕਾਰੀ ਅੰਕਡ਼ਿਆਂ ਮੁਤਾਬਕ ਮੁਲਕ ਤੋਂ 13.24 ਲੱਖ ਤੋਂ ਜ਼ਿਆਦਾ ਵਿਦਿਆਰਥੀ ਉਚੇਰੀ ਸਿੱਖਿਆ ਲਈ ਅਮਰੀਕਾ (4.65 ਲੱਖ), ਕੈਨੇਡਾ (1.83 ਲੱਖ), ਯੂ.ਏ.ਈ. (1.64 ਲੱਖ) ਅਤੇ ਆਸਟਰੇਲੀਆ (1.09 ਲੱਖ) ਗਏ ਹਨ। ਐੱਚ.ਡੀ.ਐੱਫ.ਸੀ. ਕਰੈਡਿਲਾ ਦੇ ਐੱਮ.ਡੀ. ਅਰਿਜੀਤ ਸਾਨਿਆਲ ਨੇ ਕਿਹਾ ਕਿ ਡਿੱਗ ਰਹੇ ਰੁਪਏ ਨਾਲ ਵਿਦੇਸ਼ ’ਚ ਪਡ਼੍ਹਾਈ ਹੋਰ ਮਹਿੰਗੀ ਹੋਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਦੇ ਨਾਲ ਨਾਲ ਰਹਿਣ ਦਾ ਖ਼ਰਚਾ ਵੀ ਵਧ ਜਾਵੇਗਾ। ਕੁਹੂ ਫਿਨਟੈੱਕ ਦੇ ਬਾਨੀ ਪ੍ਰਸ਼ਾਂਤ ਏ ਭੌਂਸਲੇ ਨੇ ਕਿਹਾ ਕਿ ਵਿਦੇਸ਼ ’ਚ ਪਡ਼੍ਹਾਈ ਤੋਂ ਬਾਅਦ ਨੌਕਰੀ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਡਾਲਰ ਦੀ ਮਜ਼ਬੂਤੀ ਦਾ ਫਾਇਦਾ ਹੋ ਰਿਹਾ ਹੈ ਕਿਉਂਕਿ ਉਹ ਡਾਲਰ ਕਮਾ ਕੇ ਇੰਡੀਆ ਆਪਣੇ ਕਰਜ਼ੇ ਉਤਾਰਨ ਲਈ ਭੇਜ ਰਹੇ ਹਨ। ਅਮਰੀਕਨ ਡਾਲਰ ਦੇ ਮੁਕਾਬਲੇ ’ਚ ਰੁਪਏ ਦੀ ਕੀਮਤ 79.83 ’ਤੇ ਪਹੁੰਚ ਗਈ ਹੈ। ਜੇਕਰ ਇਕ ਵਿਦਿਆਰਥੀ ਦੇ ਇਕ ਸਮੈਸਟਰ ਦੀ ਫੀਸ 40 ਹਜ਼ਾਰ ਡਾਲਰ ਸੀ ਤਾਂ ਉਸ ਨੇ ਜਨਵਰੀ ’ਚ 29.52 ਲੱਖ ਰੁਪਏ ਅਦਾ ਕੀਤੇ ਸਨ ਕਿਉਂਕਿ ਉਸ ਸਮੇਂ ਇਕ ਡਾਲਰ ਦਾ ਮੁੱਲ 73.8 ਰੁਪਏ ਸੀ ਪਰ ਅੱਜ ਉਸ ਨੂੰ 31.92 ਲੱਖ ਰੁਪਏ ਦੇਣੇ ਪੈ ਰਹੇ ਹਨ। ਇਸ ਦੇ ਨਾਲ ਪ੍ਰਤੀ ਸਮੈਸਟਰ ਰਹਿਣ ਦਾ ਖ਼ਰਚਾ ਕਰੀਬ 9 ਹਜ਼ਾਰ ਡਾਲਰ (7,18,000 ਰੁਪਏ) ਅਤੇ ਟਰੈਵਲ ਖ਼ਰਚਾ (90 ਹਜ਼ਾਰ ਤੋਂ ਇਕ ਲੱਖ ਰੁਪਏ) ਮਿਲਾ ਕੇ ਇਕ ਸਮੈਸਟਰ ’ਤੇ 41 ਲੱਖ ਰੁਪਏ ਦਾ ਖ਼ਰਚਾ ਆ ਰਿਹਾ ਹੈ।