ਡਾ. ਸਤਬੀਰ ਸਿੰਘ ਗੋਸਲ ਨੂੰ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਵੇਂ ਵਾਈਸ ਚਾਂਸਲਰ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਨੇ ਟਵੀਟ ਕਰਕੇ ਡਾ. ਸਤਬੀਰ ਸਿੰਘ ਗੋਸਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਡਾ. ਸਤਬੀਰ ਸਿੰਘ ਗੋਸਲ ਜ਼ਿਲ੍ਹਾ ਮੋਹਾਲੀ ਦੇ ਪਿੰਡ ਮਜਾਤੜੀ ਦੇ ਜੰਮਪਲ ਹਨ। ਉਨ੍ਹਾਂ ਦੇ ਪਿਤਾ ਮਾਸਟਰ ਸੇਵਾ ਸਿੰਘ ਬਤੌਰ ਅਧਿਆਪਕ ਲੰਬਾ ਸਮਾਂ ਇਲਾਕੇ ‘ਚ ਬੱਚਿਆਂ ਨੂੰ ਵਿੱਦਿਆ ਦਾਨ ਦਿੰਦੇ ਰਹੇ ਹਨ। ਪੂਰੇ ਇਲਾਕੇ ‘ਚ ਮਾਸਟਰ ਸੇਵਾ ਸਿੰਘ ਜੀ ਦੇ ਪਰਿਵਾਰ ਨੂੰ ਪੜ੍ਹਿਆਂ-ਲਿਖਿਆਂ ਦਾ ਪਰਿਵਾਰ ਮੰਨਿਆ ਜਾਂਦਾ ਰਿਹਾ ਹੈ। ਡਾ. ਸਤਬੀਰ ਸਿੰਘ ਗੋਸਲ ਨੇ ਮੁੱਢਲੀ ਸਿੱਖਿਆ ਪਿੰਡ ਮਜਾਤੜੀ ਦੇ ਹੀ ਪ੍ਰਾਇਮਰੀ ਸਕੂਲ ਤੋਂ ਕਰਨ ਉਪਰੰਤ ਅੱਠਵੀਂ ਤੱਕ ਦੀ ਸਿੱਖਿਆ ਸਰਕਾਰੀ ਸਕੂਲ ਝੰਜੇੜੀ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੇ ਨੰਬਰ ‘ਤੇ ਰਹਿ ਕੇ ਆਪਣੀ ਦਸਵੀਂ ਜਮਾਤ ਪਾਸ ਕੀਤੀ। ਉਚੇਰੀ ਪੜ੍ਹਾਈ ਕਰਨ ਤੋਂ ਬਾਅਦ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਐੱਮ.ਐੱਸਸੀ ਕਰਨ ਲਈ ਚਲੇ ਗਏ, ਜਿੱਥੇ ਉਨ੍ਹਾਂ ਰਹਿੰਦਿਆਂ ਪੀਐੱਚ.ਡੀ ਕੀਤੀ। ਇਸ ਤੋਂ ਬਾਅਦ ਉਹ ਖੇਤੀਬਾੜੀ ਯੂਨੀਵਰਸਿਟੀ ‘ਚ ਹੀ ਪੜ੍ਹਾਉਂਦੇ ਰਹੇ ਅਤੇ ਉਥੋਂ ਦੇ ਡਾਇਰੈਕਟਰ ਵੀ ਰਹੇ ਹਨ। ਹੁਣ ਉਨ੍ਹਾਂ ਨੂੰ ਯੂਨੀਵਰਸਿਟੀ ਦਾ ਵੀ.ਸੀ. ਨਿਯੁਕਤ ਕਰ ਦਿੱਤਾ ਗਿਆ ਹੈ।