ਵਰਲਡ ਕੱਪ ਤੀਰਅੰਦਾਜ਼ੀ ‘ਚ ਇੰਡੀਆ ਦੀ ਕਾਰਗੁਜ਼ਾਰੀ ਵਧੀਆ ਰਹੀ। ਇਸ ‘ਚ ਜਯੋਤੀ-ਓਜਸ ਨੇ ਜਿੱਥੇ ਗੋਲਡ ਮੈਡਲ ਜਿੱਤਿਆ ਹੈ ਉਥੇ ਹੀ ਪੁਰਸ਼ ਰਿਕਰਵ ਟੀਮ ਨੇ ਵੀ ਚਾਂਦੀ ਦਾ ਤਗ਼ਮਾ ਫੁੰਡ ਲਿਆ। ਭਾਰਤੀ ਟੀਮ ਦੀ ਨਜ਼ਰ 2010 ਤੋਂ ਬਾਅਦ ਵਰਲਡ ਕੱਪ ‘ਚ ਪਹਿਲੇ ਸੋਨ ਤਗ਼ਮੇ ‘ਤੇ ਸੀ ਪਰ ਉਸ ਨੂੰ ਚਾਂਦੀ ਨਾਲ ਹੀ ਸਬਰ ਕਰਨਾ ਪਿਆ। ਤਰੁਣਦੀਪ ਰਾਏ, ਅਤਨੂ ਦਾਸ ਅਤੇ ਧੀਰਜ ਬੋਮਾਦੇਵਰਾ ਦੀ ਭਾਰਤੀ ਟੀਮ ਨੇ 0-4 ਨਾਲ ਪੱਛੜਨ ਮਗਰੋਂ ਬਰਾਬਰੀ ਕੀਤੀ ਅਤੇ ਮੁਕਾਬਲਾ ਸ਼ੂਟਆਫ ਤੱਕ ਖਿੱਚਿਆ। ਮਗਰੋਂ ਤਿੰਨੋਂ 4-5 (54-55, 50-56, 59-58, 56-55, 28-28) ਨਾਲ ਹਾਰ ਗਏ। ਚੀਨ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ ਜਿਸ ‘ਚ ਲੀ ਜ਼ੋਂਗਯੁਆਨ, ਕਿਊ ਜ਼ਿਆਂਗਸ਼ੂਓ ਅਤੇ ਵੇਈ ਸ਼ਾਓਸੂ ਸ਼ਾਮਲ ਸਨ। ਇਸੇ ਤਰ੍ਹਾਂ ਧੀਰਜ ਨੇ ਵਿਅਕਤੀਗਤ ਰਿਕਰਵ ਮੁਕਾਬਲੇ ‘ਚ ਕਜ਼ਾਕਸਤਾਨ ਦੇ ਇਲਫਾਤ ਅਬਦੁਲਿਨ ਨੂੰ 7-3 ਨਾਲ ਹਰਾ ਕੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਭਾਰਤ ਦੋ ਸੋਨ, ਇਕ ਚਾਂਦੀ ਅਤੇ ਇਕ ਕਾਂਸੇ ਦਾ ਤਗਮਾ ਜਿੱਤ ਚੁੱਕਾ ਹੈ। ਭਾਰਤੀ ਟੀਮ 2014 ‘ਚ ਵੀ ਮੈਡੇਲਿਨ ‘ਚ ਦੂਜੇ ਗੇੜ ਅਤੇ ਰਾਕਲਾ ‘ਚ ਚੌਥੇ ਗੇੜ ‘ਚ ਵਿਸ਼ਵ ਕੱਪ ਜਿੱਤਣ ਦੇ ਨੇੜੇ ਪਹੁੰਚੀ ਸੀ ਪਰ ਹਾਰ ਗਈ ਸੀ। ਭਾਰਤੀ ਤੀਰਅੰਦਾਜ਼ ਜਯੋਤੀ ਸੁਰੇਖਾ ਵੇਨਮ ਨੇ ਤੀਰਅੰਦਾਜ਼ੀ ਵਰਲਡ ਕੱਪ ਗੇੜ-1 ‘ਚ ਵਿਅਕਤੀਗਤ ਅਤੇ ਕੰਪਾਊਂਡ ਮਿਕਸਡ ਟੀਮ ਵਰਗ ‘ਚ ਸੋਨ ਤਗ਼ਮੇ ਜਿੱਤੇ ਹਨ। ਜਯੋਤੀ ਸੁਰੇਖਾ ਵੇਨਮ ਅਤੇ ਓਜਸ ਦਿਓਤਲੇ ਦੀ ਕੰਪਾਊਂਡ ਮਿਕਸਡ ਟੀਮ ਨੇ ਸਵੇਰ ਦੇ ਸੈਸ਼ਨ ਦੌਰਾਨ ਕੰਪਾਊਂਡ ਵਰਗ ਦੇ ਫਾਈਨਲ ‘ਚ ਚੀਨੀ ਤਾਇਪੇ ਦੀ ਜੋੜੀ ਨੂੰ 159-154 ਅੰਕਾਂ ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ‘ਚ ਇੰਡੀਆ ਨੂੰ ਪਹਿਲਾ ਸੋਨ ਤਗ਼ਮਾ ਦਿਵਾਇਆ। ਮੁਕਾਬਲੇ ਦੌਰਾਨ ਜਯੋਤੀ ਨੇ ਆਪਣੇ ਸਾਰੇ ਅੱਠ ਨਿਸ਼ਾਨਿਆਂ ‘ਚ ਪਰਫੈਕਟ 10 ਸਕੋਰ ਹਾਸਲ ਕੀਤਾ ਜਦਕਿ ਦਿਓਤਲੇ ਇਕ ਵਾਰ ਇਸ ਤੋਂ ਖੁੰਝ ਗਿਆ ਜਿਸ ‘ਚ ਉਸ ਨੇ 9 ਅੰਕ ਹਾਸਲ ਕੀਤੇ। ਭਾਰਤੀ ਜੋੜੀ ਸਿਰਫ ਇਕ ਅੰਕ ਨਾਲ ਵਰਲਡ ਰਿਕਾਰਡ ਸਕੋਰ 160/160 ਬਣਾਉਣ ਤੋਂ ਖੁੰਝ ਗਈ। ਭਾਰਤੀ ਜੋੜੀ ਨੇ ਆਪਣੇ 16 ਨਿਸ਼ਾਨਿਆਂ ‘ਚ 15 ਨਿਸ਼ਾਨੇ ਸਹੀ ਲਾ ਕੇ 12ਵਾਂ ਦਰਜਾ ਪ੍ਰਾਪਤ ਵਿਰੋਧੀ ਚੀਨੀ ਤਾਇਪੇ ਦੀ ਟੀਮ ਨੂੰ ਖ਼ਿਤਾਬੀ ਮੁਕਾਬਲੇ ‘ਚ ਮਾਤ ਦਿੱਤੀ। ਵਰਲਡ ਕੱਪ ‘ਚ ਇੰਡੀਆ ਦਾ ਕੰਪਾਊਂਡ ਟੀਮ ਵਰਗ ‘ਚ ਇਹ ਦੂਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਪੈਰਿਸ ‘ਚ ਵਰਲਡ ਕੱਪ ਗੇੜ-3 ‘ਚ ਜਯੋਤੀ ਅਤੇ ਅਭਿਸ਼ੇਕ ਦੀ ਜੋੜੀ ਨੇ ਸੋਨ ਤਗ਼ਮਾ ਜਿੱਤਿਆ ਸੀ।