ਮਲੋਟ ਦੇ ਇੰਦਰਾ ਰੋਡ ‘ਤੇ ਤੇਜ਼ਧਾਰ ਕਾਪੇ ਤੇ ਕਿਰਪਾਨਾਂ ਨਾਲ ਲੈਸ ਹੋ ਕੇ ਆਏ ਦਰਜਨ ਦੇ ਕਰੀਬ ਨਸ਼ੇੜੀ ਤੇ ਲੋਫਰਾਂ ਨੇ ਗੈਸ ਚੁੱਲ੍ਹੇ ਰਿਪੇਅਰ ਦਾ ਕੰਮ ਕਰਨ ਵਾਲੇ ਬੱਗੀ ਨਾਮ ਦੇ ਇਕ ਦੁਕਾਨਦਾਰ ‘ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਦੁਕਾਨਦਾਰ ਦਾ ਅੱਧਾ ਹੱਥ ਲਮਕਣ ਲਾ ਦਿੱਤਾ ਜਿਸਨੂੰ ਤੁਰੰਤ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਉਪਰੰਤ ਰੋਸ ‘ਚ ਆਏ ਬਜ਼ਾਰ ਦੇ ਸਮੂਹ ਦੁਕਾਨਦਾਰਾਂ ਵੱਲੋਂ ਆਪੋ-ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਦਾ ਪ੍ਰਗਟਾਵਾ ਕੀਤਾ। ਘਟਨਾ ਸਥਾਨ ‘ਤੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਸਕੂਲਾਂ ਦੇ ਬਾਹਰ ਹਰਲ-ਹਰਲ ਕਰਦੇ ਫਿਰਦੇ ਕਾਪੇ ਕਿਰਪਾਨਾਂ ਨਾਲ ਲੈਸ ਨਸ਼ੇੜੀਆਂ ਤੋਂ ਦੁਕਾਨਦਾਰ ਪਹਿਲਾਂ ਹੀ ਪ੍ਰੇਸ਼ਾਨ ਸਨ ਅਤੇ ਹੁਣ ਇਸ ਹਮਲੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸ਼ਹਿਰ ‘ਚ ਅਮਨ-ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ। ਉਨ੍ਹਾਂ ਕਿਹਾ ਕਿ ਸ਼ਰੇਆਮ ਦੁਕਾਨਦਾਰਾਂ ਨੂੰ ਧਮਕਾਇਆ ਜਾ ਰਿਹਾ ਹੈ ਜਿਸ ਕਰਕੇ ਦੁਕਾਨਦਾਰਾਂ ‘ਚ ਸਹਿਮ, ਅਣਸੁਰੱਖਿਅਤ ਅਤੇ ਬੇਬਰੋਸਗੀ ਦਾ ਮਾਹੌਲ ਹੈ ਕਿ ਕਿਸੇ ਵੀ ਵੇਲੇ ਨਸ਼ੇੜੀਆਂ ਦਾ ਟੋਲਾ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕਰ ਸਕਦਾ ਹੈ। ਉਧਰ ਜ਼ੇਰੇ ਇਲਾਜ ਜ਼ਖਮੀ ਬੱਗੀ ਨੇ ਕਿਹਾ ਕਿ ਨੇੜੇ ਸਥਿਤ ਇਕ ਦੁਕਾਨਦਾਰ ਉਸਦੀ ਦੁਕਾਨ ‘ਤੇ ਭੱਜਿਆ ਭੱਜਿਆ ਆਇਆ, ਉਸਦੇ ਪਿੱਛੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਨਸ਼ੇੜੀਆਂ ਕਿਸਮ ਦੇ ਲੜਕੇ ਸਨ, ਜਿਨ੍ਹਾਂ ਨੂੰ ਜਦ ਉਸਨੇ ਰੋਕਿਆ ਤਾਂ ਉਨ੍ਹਾਂ ਉਸ ‘ਤੇ ਹੀ ਹਮਲਾ ਕਰ ਦਿੱਤਾ। ਇਸ ਮੌਕੇ ਡੀ.ਐੱਸ.ਪੀ. ਮਲੋਟ ਬਲਕਾਰ ਸਿੰਘ ਵੀ ਮੌਕੇ ‘ਤੇ ਪਹੁੰਚੇ ਅਤੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਦੁਕਾਨਦਾਰ ਬੇਫ਼ਿਕਰ ਹੋ ਕੇ ਦੁਕਾਨਾਂ ਖੋਲ੍ਹਣ ਅਜਿਹੇ ਅਨਸਰਾਂ ਨਾਲ ਪੁਲੀਸ ਸਖ਼ਤੀ ਨਾਲ ਪੇਸ਼ ਆਏਗੀ। ਓਧਰ ਦੁਕਾਨਦਾਰਾਂ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਹਮਲਾਵਰਾਂ ਨੂੰ ਕਾਬੂ ਨਹੀਂ ਕਰ ਲੈਂਦੀ ਉਹ ਆਪਣੀਆਂ ਦੁਕਾਨਾਂ ਬੰਦ ਰੱਖਣਗੇ।