ਰੋਡ ਰੇਜ ਮਾਮਲੇ ‘ਚ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਇਕ ਸਾਲ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੱਜ ਇਕ ਹੋਰ ਮਾਮਲੇ ਰਾਹਤ ਮਿਲ ਗਈ ਹੈ। ਚੋਣਾਂ ਸਮੇਂ ਥਾਣੇਦਾਰ ਦੀ ਪੈਂਟ ਗਿੱਲੀ ਕਰਨ ਵਾਲੇ ਬਿਆਨ ਖ਼ਿਲਾਫ਼ ਇਕ ਪੁਲੀਸ ਅਧਿਕਾਰੀ ਨੇ ਅਦਾਲਤ ‘ਚ ਨਵਜੋਤ ਸਿੱਧੂ ਖ਼ਿਲਾਫ਼ ਮੁਕੱਦਮਾ ਠੋਕਿਆ ਸੀ। ਨਵਜੋਤ ਸਿੱਧੂ ਖ਼ਿਲਾਫ਼ ਦਾਇਰ ਮਾਣਹਾਨੀ ਦਾ ਕੇਸ ਚੰਡੀਗੜ੍ਹ ਅਦਾਲਤ ਵੱਲੋਂ ਅੱਜ ਰੱਦ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੁਲਸ ਮੁਲਾਜ਼ਮਾਂ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਮਗਰੋਂ ਇਹ ਕੇਸ ਚੰਡੀਗੜ੍ਹ ਪੁਲੀਸ ਦੇ ਡੀ.ਐੱਸ.ਪੀ. ਦਿਲਸ਼ੇਰ ਚੰਦੇਲ ਨੇ ਅਦਾਲਤ ‘ਚ ਦਾਇਰ ਕੀਤਾ ਸੀ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਇਸ ਸਮੇਂ ਪਟਿਆਲਾ ਜੇਲ੍ਹ ‘ਚ ਬੰਦ ਹਨ ਅਤੇ ਰੋਡ ਰੇਜ ਕੇਸ ‘ਚ ਇਕ ਸਾਲ ਦੀ ਸਜ਼ਾ ਕੱਟ ਰਹੇ ਹਨ। ਨਵਜੋਤ ਸਿੱਧੂ ਨੇ ਮਾਰਚ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸੁਲਤਾਨਪੁਰ ਲੋਧੀ ਵਿਖੇ ਇਕ ਬਿਆਨ ਦਿੱਤਾ ਸੀ। ਕਾਂਗਰਸ ਉਮੀਦਵਾਰ ਨਵਤੇਜ ਚੀਮਾ ਦੇ ਸਮਰਥਨ ‘ਚ ਰੈਲੀ ਕਰਨ ਪੁੱਜੇ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਜੇਕਰ ਚੀਮਾ ਇਕ ਖੰਗਾਰਾ ਮਾਰੇ ਤਾਂ ਥਾਣੇਦਾਰ ਪੈਂਟ ਗਿੱਲੀ ਕਰ ਦੇਵੇਗਾ। ਨਵਜੋਤ ਸਿੱਧੂ ਦੇ ਇਸ ਬਿਆਨ ‘ਤੇ ਚੰਡੀਗੜ੍ਹ ਪੁਲੀਸ ਦੇ ਡੀ.ਐੱਸ.ਪੀ. ਦਿਲਸ਼ੇਰ ਚੰਦੇਲ ਨੇ ਇਤਰਾਜ਼ ਜਤਾਇਆ ਸੀ। ਚੰਦੇਲ ਨੇ ਕਿਹਾ ਸੀ ਕਿ ਸਿੱਧੂ ਦੇ ਬਿਆਨ ਨਾਲ ਪੁਲੀਸ ਫੋਰਸ ਦਾ ਮਨੋਬਲ ਕਮਜ਼ੋਰ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਇਹ ਗੱਲ ਕਹੀ ਗਈ, ਉਥੇ ਸੁਰੱਖਿਆ ਲਈ ਕਈ ਪੁਲੀਸ ਮੁਲਾਜ਼ਮ ਮੌਜੂਦ ਸਨ।