ਅੰਮ੍ਰਿਤਸਰ ਕੈਂਟੋਨਮੈਂਟ ਥਾਣੇ ਅਧੀਨ ਫਰੈਂਡਜ਼ ਐਵੇਨਿਊ ‘ਚ ਰਹਿਣ ਵਾਲੀ ਅਮਨਮੋਲਦੀਪ ਕੌਰ ਨੂੰ ਪੰਜਾਬ ਪੁਲੀਸ ‘ਚ ਤਾਇਨਾਤ ਏ.ਐੱਸ.ਆਈ. ਦੇ ਪੁੱਤਰ ਨੇ ਇਕਪਾਸੜ ਪਿਆਰ ‘ਚ ਉਸ ਦੇ ਘਰ ‘ਚ ਵੜ ਕੇ ਤਿੰਨ ਗੋਲੀਆਂ ਮਾਰ ਦਿੱਤੀਆਂ। ਕੁੜੀ ਨੂੰ ਗੰਭੀਰ ਹਾਲਤ ‘ਚ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦਾਸਪੁਰ ਵਾਸੀ ਸਿਕੰਦਰ ਨੇ ਦੱਸਿਆ ਕਿ ਪੁਲੀਸ ਲਾਈਨ ਅੰਮ੍ਰਿਤਸਰ ‘ਚ ਤਾਇਨਾਤ ਏ.ਐੱਸ.ਆਈ. ਅਮਰਜੀਤ ਸਿੰਘ ਦਾ ਪੁੱਤਰ ਰਾਜਵਿੰਦਰ ਸਿੰਘ ਉਨ੍ਹਾਂ ਦੀ ਭਤੀਜੀ ਨੂੰ ਪਿਛਲੇ ਦੋ ਸਾਲ ਤੋਂ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ। ਇਸ ਸਬੰਧੀ ਉਨ੍ਹਾਂ ਦੀ ਭਤੀਜੀ ਕਈ ਵਾਰ ਵਿਰੋਧ ਵੀ ਕਰ ਚੁੱਕੀ ਹੈ। ਲਗਭਗ ਅੱਠ ਮਹੀਨੇ ਪਹਿਲਾਂ ਮੁਲਜ਼ਮ ਰਾਜਵਿੰਦਰ ਜ਼ਬਰਦਸਤੀ ਉਨ੍ਹਾਂ ਦੇ ਘਰ ਵੜ ਆਇਆ ਸੀ। ਇਸ ਦੌਰਾਨ ਮੁਲਜ਼ਮ ਤੇ ਅਨਮੋਲਦੀਪ ਦੇ ਪਿਤਾ ਨੌਨਿਹਾਲ ਸਿੰਘ ਵਿਚਕਾਰ ਹੱਥੋਪਾਈ ਵੀ ਹੋਈ ਸੀ। ਇਸ ਝਗੜੇ ‘ਚ ਰਾਜਵਿੰਦਰ ਨੂੰ ਚਾਕੂ ਲੱਗਣ ਨਾਲ ਜ਼ਖਮੀ ਹੋਣ ‘ਤੇ ਪੁਲੀਸ ਨੇ ਅਨਮੋਲਦੀਪ ਦੇ ਪਿਤਾ ਖ਼ਿਲਾਫ਼ ਹੱਤਿਆ ਦੇ ਯਤਨ ਦਾ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ ਜੋ ਹਾਲੇ ਵੀ ਜੇਲ੍ਹ ‘ਚ ਹਨ। ਸਿਕੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੇ ਬਾਅਦ ਵੀ ਰਾਜਵਿਦੰਰ ਨੇ ਕੁੜੀ ਨੂੰ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ। ਕੁਝ ਦਿਨ ਪਹਿਲਾਂ ਕੁੜੀ ਨੇ ਉਨ੍ਹਾਂ ਨੂੰ ਫੋਨ ‘ਤੇ ਦੱਸਿਆ ਸੀ ਕਿ ਰਾਜਵਿਦੰਰ ਉਸ ਨੂੰ ਫਿਰ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਨੇ ਮੁਲਜ਼ਮ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਉਸ ਨੇ ਉਨ੍ਹਾਂ ਨੂੰ ਰਣਜੀਤ ਐਵੇਨਿਊ ਗੱਲ ਕਰਨ ਲਈ ਬੁਲਾਇਆ। ਉਥੇ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਹੋ ਗਿਆ ਸੀ ਕਿ ਉਹ ਦੁਬਾਰਾ ਕੁੜੀ ਨੂੰ ਪ੍ਰੇਸ਼ਾਨ ਨਹੀਂ ਕਰੇਗਾ। ਇਸ ਦੇ ਬਾਅਦ ਉਹ ਗੁਰਦਾਸਪੁਰ ਲਈ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੇ ਇਕ ਹੋਰ ਸਾਥੀ ਨਾਲ ਉਨ੍ਹਾਂ ਦੇ ਕੁੜੀ ਦੇ ਘਰ ਗਿਆ ਤੇ ਉਸ ਨੂੰ ਤਿੰਨ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਏ.ਐੱਸ.ਆਈ.ਕੁਲਵੰਤ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਅਨਮੋਲਦੀਪ ਨੇ ਰਾਜਵਿੰਦਰ ਖ਼ਿਲਾਫ਼ ਛੇੜਛਾੜ ਦੇ ਦੋਸ਼ ਤਹਿਤ ਕੈਂਟੋਨਮੈਂਟ ਥਾਣੇ ‘ਚ ਕੇਸ ਦਰਜ ਕਰਵਾਇਆ ਸੀ। ਹੁਣ ਫਿਰ ਉਸ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਤੇ ਮੁਲਜ਼ਮ ਨੂੰ ਥਾਣੇ ਬੁਲਾਇਆ ਗਿਆ ਸੀ।