ਗੁਰਦਾਸਪੁਰ ਦੇ ਪਿੰਡ ਭੁੰਬਲੀ ‘ਚ ਅੱਜ ਪੰਜਾਬ ਪੁਲੀਸ ਦੇ ਇਕ ਏ.ਐੱਸ.ਆਈ. ਨੇ ਆਪਣੀ ਪਤਨੀ ਅਤੇ ਨੌਜਵਾਨ ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਪੁਲੀਸ ਕਰਮਚਾਰੀ ਅੰਮ੍ਰਿਤਸਰ ‘ਚ ਪੰਜਾਬ ਪੁਲੀਸ ਦੇ ਹੀ ਉੱਚ ਅਧਿਕਾਰੀ ਦੀ ਸੁਰੱਖਿਆ ‘ਚ ਤਾਇਨਾਤ ਹੈ ਜਦਕਿ ਉਸ ਦੀ ਪਤਨੀ ਇਕ ਸਕੂਲ ‘ਚ ਪ੍ਰਾਇਮਰੀ ਅਧਿਆਪਕਾ ਸੀ। ਜਾਣਕਾਰੀ ਮੁਤਾਬਕ ਪੁਲੀਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਤਿੱਬੜ ਦੇ ਅਧੀਨ ਪੈਂਦੇ ਪਿੰਡ ਭੁੰਬਲੀ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨਾਮ ਦੇ ਪੁਲੀਸ ਕਰਮਚਾਰੀ ਵੱਲੋਂ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸਵੇਰ ਸਮੇਂ ਉਸ ਦੀ ਪਤਨੀ ਅਤੇ ਪੁੱਤਰ ਨਾਲ ਕਿਸੇ ਗੱਲ ਤੋਂ ਤਕਰਾਰ ਹੋਇਆ ਤਾਂ ਭੁਪਿੰਦਰ ਸਿੰਘ ਨੇ ਆਪਣੇ ਲੜਕੇ ਬਲਪ੍ਰੀਤ ਸਿੰਘ (18) ਅਤੇ ਪਤਨੀ ਬਲਜੀਤ ਕੌਰ (42) ਤੇ ਗੋਲੀਆਂ ਦਾਗ਼ ਦਿੱਤੀਆਂ। ਇਸ ਮਗਰੋਂ ਉਸ ਨੇ ਆਪਣੇ ਪਾਲਤੂ ਕੁੱਤੇ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਸ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤੀ। ਦੱਸਿਆ ਗਿਆ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋਏ ਤਾਂ ਉਹ ਗੁਆਂਢ ਰਹਿੰਦੀ ਇਕ ਨੌਜਵਾਨ ਲੜਕੀ ਨੂੰ ਆਪਣੀ ਢਾਲ ਬਣਾ ਕੇ ਮੌਕੇ ਤੋਂ ਕਾਰ ਰਾਹੀਂ ਫ਼ਰਾਰ ਹੋ ਗਿਆ। ਮੰਨਿਆ ਜਾ ਰਿਹਾ ਰਹੀ ਹੈ ਕਿ ਭੁਪਿੰਦਰ ਸਿੰਘ ਨੇ ਆਪਣੀ ਸਰਕਾਰੀ ਪਿਸਤੌਲ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਪਿੰਡ ਭੁੰਬਲੀ ਦੇ ਸਰਪੰਚ ਪਰਮਜੀਤ ਅਨੁਸਾਰ ਇਸ ਸਬੰਧ ‘ਚ ਥਾਣਾ ਤਿੱਬੜ ਦੇ ਮੁਨਸ਼ੀ ਨੂੰ ਫੋਨ ਤੇ ਸੂਚਨਾ ਦਿੱਤੀ ਗਈ ਪਰ ਇਕ ਇਕ ਘੰਟਾ ਗੁਜ਼ਰਨ ਦੇ ਬਾਵਜੂਦ ਪੁਲੀਸ ਦਾ ਕੋਈ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਨਹੀਂ ਪਹੁੰਚਿਆ। ਪੁਲੀਸ ਘਟਨਾ ਵਾਲੀ ਥਾਂ ਤੇ ਦੇਰ ਬਾਅਦ ਪਹੁੰਚੀ ਅਤੇ ਹੁਣ ਪੁਲੀਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।