ਪਾਕਿਸਤਾਨ ਦੇ ਅਸ਼ਾਂਤ ਉੱਤਰ ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਇਕ ਪੁਲੀਸ ਥਾਣੇ ‘ਚ ਹੋਏ ਆਤਮਘਾਤੀ ਹਮਲੇ ‘ਚ 8 ਪੁਲੀਸ ਮੁਲਾਜ਼ਮਾਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਆਧਿਕਾਰੀਆਂ ਨੇ ਸਾਂਝੀ ਕੀਤੀ। ਧਮਾਕਾ ਸਵਾਤ ਘਾਟੀ ਦੇ ਕਬਾਲ ਥਾਣੇ ‘ਚ ਹੋਇਆ। ਥਾਣੇ ‘ਚ ਅੱਤਵਾਦ ਰੋਕੂ ਵਿਭਾਗ ਤੇ ਇਕ ਮਸਜਿਦ ਵੀ ਹੈ। ਖੈਬਰ ਪਖਤੂਨਖ਼ਵਾ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਅਖ਼ਤਰ ਹਿਆਤ ਖ਼ਾਨ ਨੇ ਕਿਹਾ ਕਿ ਸੁਰੱਖਿਆ ਅਧਿਕਾਰੀ ਪੂਰੇ ਸੂਬੇ ‘ਚ ਹਾਈ ਅਲਰਟ ‘ਤੇ ਹਨ। ਪੁਲੀਸ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਫ਼ਿਲਹਾਲ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਤਾਂ ਨਹੀਂ ਲਈ ਪਰ ਹਾਲ ਦੇ ਮਹੀਨਿਆਂ ‘ਚ ਪਾਕਿਸਤਾਨ ਤਾਲੀਬਾਨ ਨੇ ਸਰਕਾਰ ਦੇ ਨਾਲ ਸੰਘਰਸ਼ ਵਿਰਾਮ ਖ਼ਤਮ ਕਰਨ ਤੋਂ ਬਾਅਦ ਇਸੇ ਤਰ੍ਹਾਂ ਦੇ ਹਮਲਿਆਂ ਦਾ ਦਾਅਵਾ ਕੀਤਾ ਹੈ। ਜੀਓ ਨਿਊਜ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲੀਸ ਅਧਿਕਾਰੀ ਸ਼ਫੀ ਉੱਲਾਹ ਗੰਡਾਪੁਰ ਨੇ ਕਿਹਾ ਕਿ ਥਾਣੇ ਦੇ ਅੰਦਰ ਦੋ ਧਮਾਕੇ ਹੋਏ ਜਿਸ ਨਾਲ ਇਮਾਰਤ ਢਹਿ-ਢੇਰੀ ਹੋ ਗਈ। ਪੁਲੀਸ ਨੇ ਕਿਹਾ ਕਿ ਕਈ ਲੋਕ ਮਲਬੇ ‘ਚ ਦੱਬ ਗਏ ਹਨ ਜਦਕਿ ਜ਼ਖ਼ਮੀਆਂ ਨੂੰ ਸੈਦੂ ਸ਼ਰੀਫ਼ ਟੀਚਿੰਗ ਹਸਪਤਾਲ ਲਿਜਾਇਆ ਗਿਆ। ਇਸ ਵਿਚਾਲੇ ਆਲੇ ਦੁਆਲੇ ਦੇ ਸਾਰੇ ਹਸਪਤਾਲਾਂ ‘ਚ ਐਮਰਜੈਂਸੀ ਸਥਿਤੀ ਐਲਾਨ ਦਿੱਤੀ ਗਈ ਹੈ। ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਨੇ ਧਮਾਕੇ ਦੀ ਨਿਖੇਧੀ ਕੀਤੀ ਅਤੇ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ‘ਅੱਤਵਾਦ ਨੂੰ ਛੇਤੀ ਹੀ ਜੜੋਂ ਪੁੱਟ ਕੇ ਸੁੱਟ ਦਿੱਤਾ ਜਾਵੇਗਾ।’