ਕਿਸਾਨੀ ਅੰਦੋਲਨ ਸਮੇਂ ਵੱਡਾ ਉਭਾਰ ਹਾਸਲ ਕਰਨ ਵਾਲੇ ਅਦਾਕਾਰ ਦੀਪ ਸਿੱਧੂ ਦੀ ਯਾਦ ‘ਚ ਜਗਰਾਉਂ ਨੇੜੇ ਚੌਕੀਮਾਨ ਵਿਖੇ ਅੱਜ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਦੀਪ ਸਿੱਧੀ ਦੀ ਯਾਦ ‘ਚ ਬਣਨ ਵਾਲੇ ਹਸਪਤਾਲ, ਬਲੱਡ ਬੈਂਕ ਅਤੇ ਨੌਜਵਾਨ ਨੂੰ ਆਈ.ਏ.ਐੱਸ. ਤੇ ਪੀ.ਸੀ.ਐੱਸ. ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਨਾਲ ਹੀ ਸ਼ਹੀਦਾਂ ਦੀ ਯਾਦ ‘ਚ ਗੁਰਦੁਆਰਾ ਸਾਹਿਬ ਉਸਾਰਨ ਦਾ ਕਾਰਜ ਵੀ ਸ਼ੁਰੂ ਹੋਇਆ। ਸਮਾਗਮ ਦੀ ਸ਼ੁਰੂਆਤ 13 ਫਰਵਰੀ ਨੂੰ ਅਖੰਡ ਪਾਠ ਸਾਹਿਬ ਰੱਖਣ ਨਾਲ ਹੋਈ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਸਮਾਗਮ ‘ਚ ਵੱਡੀ ਗਿਣਤੀ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਉਚੇਚੇ ਤੌਰ ‘ਤੇ ਪਹੁੰਚੇ ਜਿਨ੍ਹਾਂ ਨੂੰ ਦੀਪ ਸਿੱਧੂ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਦੀ ਅਗਵਾਈ ‘ਚ ਸਨਮਾਨਿਤ ਕੀਤਾ ਗਿਆ। ਸਮਾਗਮ ‘ਚ ਲੇਖਕ-ਨਿਰਦੇਸ਼ਕ ਅਮਰਦੀਪ ਗਿੱਲ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਬਾਬਾ ਰਵਿੰਦਰ ਸਿੰਘ ਜੌਨੀ ਨਾਨਕਸਰ ਆਦਿ ਨੇ ਹਾਜ਼ਰੀ ਲਗਵਾਈ। ਬਲਕੌਰ ਸਿੱਧੂ ਨੇ ਇਸ ਸਮੇਂ ਕਿਹਾ ਕਿ ਪੰਜਾਬ ‘ਚ ਕੋਈ ਸੁਰੱਖਿਅਤ ਨਹੀਂ ਹੈ। ਇਥੇ ਇਕ ਅਜਿਹੀ ਹਨ੍ਹੇਰੀ ਵਗ਼ ਰਹੀ ਹੈ ਜਿਸ ‘ਚ ਪੈਸਾ ਹੀ ਸਭ ਕੁਝ ਹੋ ਗਿਆ ਹੈ ਅਤੇ ਕੁਝ ਰੁਪਿਆਂ ਲਈ ਕੁਝ ਵੀ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਗਿਆਰਾਂ ਮਹੀਨੇ ਤੋਂ ਪੁੱਤ ਦੇ ਕਤਲ ਲਈ ਇਨਸਾਫ਼ ਮੰਗ ਰਹੇ ਹਨ ਪਰ ਸਰਕਾਰ ਤੇ ਪੁਲੀਸ ਨੇ ਹਾਲੇ ਤੱਕ ਕੁਝ ਨਹੀਂ ਕੀਤਾ। ਕਈ ਲੋਕਾਂ ਦੇ ਨਾਂ ਦੇਣ ਦੇ ਬਾਵਜੂਦ ਵੀ ਪੁਲੀਸ ਤੇ ਸਰਕਾਰ ਪਤਾ ਨਹੀਂ ਕਿਉਂ ਕਾਨੂੰਨੀ ਕਾਰਵਾਈ ਕਰਨ ਤੋਂ ਪੈਰ ਪਿਛਾਂਹ ਖਿੱਚਦੀ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਮਾਰਚ ‘ਚ ਆਪਣੇ ਪੁੱਤ ਦੀ ਬਰਸੀ ਮਨਾਉਣਗੇ ਜੋ ਬੜੇ ਅਫਸੋਸ ਦੀ ਗੱਲ ਹੈ ਕਿਉਂਕਿ ਬਰਸੀ ਤਾਂ ਉਨ੍ਹਾਂ ਦੀ ਪੁੱਤ ਵੱਲੋਂ ਮਨਾਈ ਜਾਣੀ ਸੀ। ਉਨ੍ਹਾਂ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੀ ਮੌਤ ਲਈ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਇਕੱਠ ਨੂੰ ਐਡਵੋਕੇਟ ਮਨਦੀਪ ਸਿੰਘ ਸਿੱਧੂ ਸਮੇਤ ਕਈਆਂ ਨੇ ਸੰਬੋਧਨ ਕੀਤਾ। ਇਸ ਸਮੇਂ ਉਹ ਸਕਾਰਪੀਓ ਗੱਡੀ ਵੀ ਵਿਸ਼ੇਸ਼ ਤੌਰ ‘ਤੇ ਲਿਆਂਦੀ ਗਈ ਸੀ ਜਿਸ ‘ਚ ਦੀਪ ਸਿੱਧੂ ਦੀ ਹਾਦਸੇ ਕਰਕੇ ਮੌਤ ਹੋਈ ਸੀ। ਐਡਵੋਕੇਟ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਆਈ.ਏ.ਐੱਸ. ਅਤੇ ਪੀ.ਸੀ.ਐੱਸ. ਦੀ ਮੁਫ਼ਤ ਤਿਆਰੀ ਕਰਵਾਉਣ ਤੋਂ ਇਲਾਵਾ ਲੋੜਵੰਦਾਂ ਲਈ ਹਸਪਤਾਲ ਦਾ ਨਿਰਮਾਣ ਕੀਤਾ ਜਾਵੇਗਾ। ਇਸੇ ਤਰ੍ਹਾਂ ਸ਼ਹੀਦਾਂ ਦੀ ਯਾਦ ‘ਚ ਗੁਰਦੁਆਰੇ ਦੀ ਉਸਾਰੀ ਵੀ ਕਰਵਾਈ ਜਾਵੇਗੀ ਅਤੇ ਇਕ ਬਲੱਡ ਬੈਂਕ ਵੀ ਸਥਾਪਤ ਕੀਤਾ ਜਾਵੇਗਾ।