ਦਰੋਣਾਚਾਰਿਆ ਪੁਰਸਕਾਰ ਜੇਤੂ ਕੋਚ ਮਹਾਵੀਰ ਸਿੰਘ ਫੋਗਾਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਧਮਕੀ ਦਿੱਤੀ ਕਿ ਇਨਸਾਫ਼ ਨਾ ਮਿਲਣ ‘ਤੇ ਉਹ ਆਪਣੇ ਤਗ਼ਮੇ ਵਾਪਸ ਕਰ ਦੇਣਗੇ। ਓਲੰਪਿਕ ਤਗ਼ਮਾ ਜੇਤੂ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ, ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਵਿਨੇਸ਼ ਫੋਗਾਟ ਸਮੇਤ ਪਹਿਲਵਾਨ 23 ਅਪ੍ਰੈਲ ਤੋਂ ਦਿੱਲੀ ਵਿਚ ਧਰਨੇ ‘ਤੇ ਬੈਠੇ ਹਨ। ਉਹ 7 ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਜਪਾ ਸੰਸਦ ਮੈਂਬਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ। ਮਹਾਵੀਰ ਫੋਗਾਟ ਨੇ ਕਿਹਾ ਕਿ ਜੇਕਰ ਇਸ ਮਾਮਲੇ ‘ਚ ਇਨਸਾਫ਼ ਨਾ ਮਿਲਿਆ ਤਾਂ ਮੈਂ ਆਪਣੇ ਤਗ਼ਮੇ ਵਾਪਸ ਕਰ ਦੇਵਾਂਗਾ। ਉਨ੍ਹਾਂ ਕਿਹਾ ਕਿ ਉਸ ‘ਤੇ ਜਿਸ ਤਰ੍ਹਾਂ ਦੇ ਦੋਸ਼ ਹਨ। ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਤਿੰਨ ਸਾਲ ਪਹਿਲਾਂ ਭਾਜਪਾ ਨਾਲ ਜੁੜੇ ਫੋਗਾਟ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਸਰਕਾਰ ਨਾਲ ਗੱਲ ਕੀਤੀ ਹੈ ਜਾਂ ਪਾਰਟੀ ਪੱਧਰ ‘ਤੇ ਮਾਮਲਾ ਚੁੱਕਿਆ ਹੈ, ਉਨ੍ਹਾਂ ਕਿਹਾ ਅਜਿਹੀ ਕੋਈ ਗੱਲ ਨਹੀਂ ਹੋਈ ਹੈ। ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਵੀ ਪਦਮਸ਼੍ਰੀ ਸਮੇਤ ਆਪਣੇ ਤਗ਼ਮੇ ਅਤੇ ਪੁਰਸਕਾਰ ਵਾਪਸ ਕਰਨ ਦੀ ਧਮਕੀ ਦਿੱਤੀ ਹੈ। ਇਸ ਦੌਰਾਨ ਹਰਿਆਣਾ ‘ਚ ਕਈ ਖਾਪਾਂ ਨੇ ਵੀ ਪ੍ਰਦਰਸ਼ਨਕਾਰੀ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ। ਹਿਸਾਰ, ਭਿਵਾਨੀ, ਜਿੰਦ ਅਤੇ ਰੋਹਤਕ ‘ਚ ਕਈ ਖਾਪਾਂ ਨੇ ਪਹਿਲਾਵਾਨਾਂ ਦੇ ਸਮਰਥਨ ‘ਚ ਪ੍ਰਦਰਸ਼ਨ ਕੀਤੇ। ਮਹਾਵੀਰ ਫੋਗਾਟ ਪਹਿਲਵਾਨ ਗੀਤਾ ਅਤੇ ਬਬੀਤਾ ਫੋਗਾਟ ਦੇ ਪਿਤਾ ਅਤੇ ਵਿਨੇਸ਼ ਦੇ ਚਾਚਾ ਹਨ।