ਸਨਰਾਈਜ਼ਰਸ ਹੈਦਰਾਬਾਦ ਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਵਿਚਕਾਰ ਹੋਏ ਆਈ.ਪੀ.ਐੱਲ. ਦੇ ਇਕ ਹੋਰ ਮੈਚ ‘ਚ ਦਿੱਲੀ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਲੋ ਸਕੋਰਿੰਗ ਮੁਕਾਬਲੇ ‘ਚ ਦਿੱਲੀ ਨੇ ਹੈਦਰਾਬਾਦ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਦੀ ਟੀਮ ਵੱਲੋਂ ਦਿੱਤੇ 145 ਦੌੜਾਂ ਦੇ ਟੀਚੇ ਦੇ ਜਵਾਬ ‘ਚ ਹੈਦਰਾਬਾਦ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ਗੁਆ ਕੇ ਮਹਿਜ਼ 137 ਦੌੜਾਂ ਹੀ ਬਣਾ ਸਕੀ। ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਟੀਮ ਨੇ ਪਹਿਲੇ ਹੀ ਓਵਰ ‘ਚ ਵਿਕਟ ਗੁਆ ਦਿੱਤੀ। ਸਲਾਮੀ ਬੱਲੇਬਾਜ਼ ਸਾਲਟ ਆਪਣੀ ਪਹਿਲੀ ਗੇਂਦ ‘ਤੇ ਹੀ ਭੁਵਨੇਸ਼ਵਰ ਕੁਮਾਰ ਹੱਥੋਂ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਡੇਵਿਡ ਵਾਰਨਰ (21), ਮਿਚਲ ਮਾਰਸ਼ (25), ਮਨੀਸ਼ ਪਾਂਡੇ (34), ਅਕਸਰ ਪਟੇਲ (34) ਦੀਆਂ ਪਾਰੀਆਂ ਸਦਕਾ ਟੀਮ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 144 ਦੌੜਾਂ ਤਕ ਹੀ ਪਹੁੰਚ ਸਕੀ। ਵਾਸ਼ਿੰਗਟਨ ਸੁੰਦਰ ਦੇ ਇਕ ਓਵਰ ‘ਚ ਹੀ ਦਿੱਲੀ ਨੂੰ 3 ਝਟਕੇ ਲੱਗੇ। ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਆਪਣੇ ਨਾਂ ਕੀਤੀਆਂ। ਟੀਚੇ ਦਾ ਪਿੱਛਾ ਕਰਨ ਉੱਤਰੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨੇ ਜਿੱਤੇ ਸਲਾਮੀ ਬੱਲੇਬਾਜ਼ ਹੈਰੀ ਬਰੁੱਕ (7) ਦੀ ਵਿਕਟ ਸਸਤੇ ‘ਚ ਗੁਆ ਦਿੱਤੀ ਉਥੇ ਹੀ ਮਯੰਕ ਅੱਗਰਵਾਲ ਨੇ 39 ਗੇਂਦਾਂ ‘ਚ 49 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਬਾਅਦ ਟੀਮ ਨੇ 3 ਹੋਰ ਵਿਕਟਾਂ ਸਸਤੇ ‘ਚ ਗੁਆ ਦਿੱਤੀਆਂ। ਅਖੀਰ ‘ਚ ਹੈਨਰਿਚ ਕਲਾਸੇਨ ਨੇ 19 ਗੇਂਦਾਂ ‘ਚ 31 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਾਸ਼ਿੰਗਟਨ ਸੁੰਦਰ ਨੇ ਵੀ ਅਖ਼ੀਰਲੀ ਗੇਂਦ ਤਕ ਪੂਰੀ ਕੋਸ਼ਿਸ਼ ਕੀਤੀ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦੁਆ ਸਕੇ।