ਟੀਮ ਇੰਡੀਆ ਦੇ ਕੇ.ਐੱਲ. ਰਾਹੁਲ ਨੂੰ ਵਨ ਡੇ ‘ਚ ਵਿਕਟਕੀਪਰ-ਬੱਲੇਬਾਜ਼ ਦੀ ਦੋਹਰੀ ਭੂਮਿਕਾ ਨਿਭਾਉਣ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ ਪਰ ਉਸ ਨੂੰ ਇਸਦੇ ਲਈ ਕੋਈ ਸ਼ਿਕਾਇਤ ਨਹੀਂ ਹੈ ਕਿਉਂਕਿ ਉਸਦੀ ਪਹਿਲਕਦਮੀ ਆਖਰੀ-11 ‘ਚ ਬਣੇ ਰਹਿਣ ਦੀ ਹੈ। ਟੈਸਟ ‘ਚ ਰਾਹੁਲ ਇੰਡੀਆ ਲਈ ਨਿਯਮਤ ਰੂਪ ਨਾਲ ਸਲਾਮੀ ਬੱਲੇਬਾਜ਼ ਦੇ ਸਥਾਨ ‘ਤੇ ਖੇਡਦਾ ਹੈ ਪਰ ਹੁਣ ਜ਼ਖ਼ਮੀ ਰਿਸ਼ਭ ਪੰਤ ਦੀ ਗੈਰਹਾਜ਼ਰੀ ‘ਚ ਉਸ ਨੂੰ ਵਿਕਟਕੀਪਿੰਗ ਦੀ ਭੂਮਿਕਾ ਨਿਭਾਉਣੀ ਪੈ ਰਹੀ ਹੈ ਤੇ ਨਾਲ ਹੀ ਉਸ ਨੂੰ ਬੱਲੇਬਾਜ਼ੀ ਕ੍ਰਮ ‘ਚ ਵੀ ਪੰਜਵੇਂ ਨੰਬਰ ‘ਤੇ ਉਤਾਰਿਆ ਜਾ ਰਿਹਾ ਹੈ ਕਿਉਂਕਿ ਸ਼ੁਭਮਨ ਗਿੱਲ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਖੇਡ ਰਿਹਾ ਹੈ। ਰਾਹੁਲ ਨੇ ਕਿਹਾ ਕਿ ਟੀਮ ਇਸ ਬਾਰੇ ‘ਚ ਕਾਫੀ ਸਪੱਸ਼ਟ ਹੈ ਕਿ ਉਹ ਉਸ ਤੋਂ ਕੀ ਭੂਮਿਕਾ ਚਾਹੁੰਦੀ ਹੈ। ਉਸ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਵਨ ਡੇ ‘ਚ ਜਿੱਤ ਤੋਂ ਤਿੰਨ ਮੈਚਾਂ ਦੀ ਲੜੀ ਜਿੱਤਣ ਤੋਂ ਬਾਅਦ ਕਿਹਾ, ‘ਨਿਸ਼ਚਿਤ ਰੂਪ ਨਾਲ ਮੈਂ ਇਹ ਹੁਣ ਤਕਰੀਬਨ ਦੋ ਸਾਲ ਤਕ ਅਜਿਹਾ ਕੀਤਾ ਹੈ। 2019 ਦੇ ਅੰਤ ਤੋਂ ਪੂਰੇ 2020 ਤਕ ਤੇ 2021 ‘ਚ ਵੀ ਕੁਝ ਮੈਚਾਂ ਵਿਚ ਵੀ।’ ਉਸ ਨੇ ਕਿਹਾ, ‘ਟੀਮ ਨੇ ਮੈਨੂੰ ਇਸ ਸਥਾਨ ‘ਤੇ ਅਤੇ ਇਸ ਭੂਮਿਕਾ ‘ਚ ਰਹਿਣ ਲਈ ਸਮਾਂ ਦਿੱਤਾ ਹੈ। ਜਦੋਂ ਤੁਹਾਨੂੰ ਆਪਣੇ ਕਪਤਾਨ ਤੇ ਕੋਚ ਦਾ ਸਾਥ ਮਿਲੇ ਤਾਂ ਇਸ ਤੋਂ ਤੁਹਾਨੂੰ ਫੋਕਸ ਕਰਨ ‘ਚ ਮਦਦ ਮਿਲਦੀ ਹੈ ਤੇ ਟੀਮ ਵੀ ਇਹ ਹੀ ਚਾਹੁੰਦੀ ਹੈ।’ ਰਾਹੁਲ ਨੇ ਅੱਗੇ ਕਿਹਾ, ‘ਹਾਂ, ਮੈਂ ਹੋਰਨਾਂ ਸਵਰੂਪਾਂ ਵਿਚ ਜੋ ਕਰਦਾ ਹਾਂ, ਇਹ ਉਸ ਤੋਂ ਵੱਖਰਾ ਹੈ, ਜਿਸ ਨਾਲ ਮੈਂ ਹਮੇਸ਼ਾ ਚੌਕਸ ਰਹਿੰਦਾ ਹਾਂ, ਇਸ ਤੋਂ ਮੈਨੂੰ ਚੁਣੌਤੀ ਮਿਲਦੀ ਹੈ, ਇਹ ਵੱਖਰੀ ਭੂਮਿਕਾ ਹੈ, ਜਿਸ ਨਾਲ ਮੈਨੂੰ ਆਪਣੀ ਖੇਡ ਬਿਹਤਰ ਤਰੀਕੇ ਨਾਲ ਸਮਝਣ ‘ਚ ਮਦਦ ਮਿਲਦੀ ਹੈ।’ ਰਾਹੁਲ ਨੂੰ ਇਸ ਵਾਧੂ ਜ਼ਿੰਮੇਵਾਰੀ ਲਈ ਆਪਣੀ ਫਿਟਨੈੱਸ ‘ਤੇ ਸਖਤ ਮਿਹਨਤ ਕਰਨੀ ਪੈ ਰਹੀ ਹੈ।