ਹੁਸ਼ਿਆਰਪੁਰ ਦੀ ਅਦਾਲਤ ‘ਚ ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਚੱਲਦੇ ਕੇਸ ‘ਚ ਝਟਕਾ ਲੱਗਾ ਹੈ ਅਤੇ ਵਿਵਾਦਾਂ ‘ਚ ਘਿਰੇ ਬਾਦਲ ਪਰਿਵਾਰ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਯਾਦ ਰਹੇ ਕਿ ਦੋਹਰੇ ਸੰਵਿਧਾਨ ਦੇ ਮਾਮਲੇ ਨੂੰ ਲੈ ਕੇ ਬਾਦਲਾਂ ਵਿਰੁੱਧ ਹੁਸ਼ਿਆਰਪੁਰ ਦੀ ਅਦਾਲਤ ‘ਚ ਸਾਲ 2009 ‘ਚ ਸੋਸ਼ਲਿਸਟ ਪਾਰਟੀ ਦੇ ਆਗੂ ਜਸਵੰਤ ਸਿੰਘ ਖੇੜਾ ਵਲੋਂ ਕੇਸ ਦਾਇਰ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਲਗਾਤਾਰ ਚੱਲਦਾ ਆ ਰਿਹਾ ਹੈ ਅਤੇ ਬੀਤੇ ਸਮੇਂ ਦੌਰਾਨ ਕਈ ਵਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੇਸ਼ੀ ਭੁਗਤਣ ਵੀ ਆ ਚੁੱਕੇ ਹਨ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਵਲੋਂ ਹੁਸ਼ਿਆਰਪੁਰ ਦੀ ਅਦਾਲਤ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਹੁਸ਼ਿਆਰਪੁਰ ‘ਚ ਪਾਰਟੀ ਦਾ ਕੋਈ ਵੀ ਦਫਤਰ ਨਹੀਂ ਹੈ, ਇਸ ਲਈ ਇਥੇ ਕੇਸ ਨਾ ਚਲਾਇਆ ਜਾਵੇ ਅਤੇ ਇਸਨੂੰ ਬੰਦ ਕਰ ਦਿੱਤਾ ਜਾਵੇ ਜਿਸ ‘ਤੇ ਅਦਾਲਤ ‘ਚ ਦੋਹਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ ਅਦਾਲਤ ਵਲੋਂ ਅਕਾਲੀ ਦਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸ਼ਿਕਾਇਤਕਰਤਾ ਧਿਰ ਦੇ ਵਕੀਲ ਐਡਵੋਕੇਟ ਬੀ.ਐੱਸ. ਰਿਆੜ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ‘ਤੇ ਬੋਲਦਿਆਂ ਸ਼ਿਕਾਇਤਕਰਤਾ ਬਲਵੰਤ ਸਿੰਘ ਖੇੜਾ ਨੇ ਕਿਹਾ ਕਿ ਬਾਦਲਾਂ ਵਲੋਂ ਜੋ ਇਹ ਦੋਹਰੇ ਸੰਵਿਧਾਨ ਮਾਮਲੇ ‘ਚ ਧੋਖਾਧੜੀ ਕੀਤੀ ਗਈ ਹੈ, ਉਸ ਲਈ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਅਤੇ ਉਹ ਜੇਲ੍ਹ ਵੀ ਜਾਣਗੇ।