ਕੈਪਟਨ ਅਮਰਿੰਦਰ ਸਿੰਘ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਜਦੋਂ ਭਾਰਤੀ ਜਨਤਾ ਪਾਰਟੀ ‘ਚ ਨਵੀਂ ਦਿੱਲੀ ਵਿਖੇ ਰਲੇਵਾਂ ਕਰਕੇ ਖੁਦ ਵੀ ਭਾਜਪਾ ‘ਚ ਸ਼ਾਮਲ ਹੋਏ ਤਾਂ ਉਸ ਵੇਲੇ ਪੰਜਾਬ ਕਾਂਗਰਸ ਦੇ ਚਾਰ ਵੱਡੇ ਕਾਂਗਰਸੀ ਆਗੂਆਂ, ਜਿਨ੍ਹਾਂ ‘ਚ ਸਾਬਕਾ ਕੈਬਨਿਟ ਮੰਤਰੀ ਸ਼ਾਮਲ ਸਨ, ਦੀ ਭਾਜਪਾ ‘ਚ ਸ਼ਮੂਲੀਅਤ ਰੁਕ ਗਈ। ਇਨ੍ਹਾਂ ‘ਚੋਂ ਇਕ ਆਗੂ ਤਾਂ ਉਸ ਵੇਲੇ ਦਿੱਲੀ ‘ਚ ਕੈਪਟਨ ਦੇ ਨਾਲ ਵੀ ਮੌਜੂਦ ਸੀ ਪਰ ਉਸ ਨੂੰ ਭਾਜਪਾ ਨੇ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਕਰਕੇ ਇਸ ਆਗੂ ਨੂੰ ਪੰਜਾਬ ਪਰਤਣਾ ਪਿਆ। ਇਸ ਆਗੂ ਦਾ ਨਾਂ ਰਾਣਾ ਕੇ.ਪੀ. ਸਿੰਘ ਹੈ ਜੋ ਵਿਧਾਨ ਸਭਾ ‘ਚ ਸਪੀਕਰ ਰਹੇ ਹਨ। ਇਸੇ ਤਰ੍ਹਾਂ ਤਿੰਨ ਸਾਬਕਾ ਮੰਤਰੀਆਂ ਨੇ ਵੀ ਭਾਜਪਾ ਨੇ ਸ਼ਾਮਲ ਕਰਨ ਤੋਂ ਆਖਰੀ ਮੌਕੇ ਇਨਕਾਰ ਕਰ ਦਿੱਤਾ। ਅਸਲ ‘ਚ ਇਨ੍ਹਾਂ ਆਗੂਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ ਅਤੇ ਭਾਜਪਾ ਇਨ੍ਹਾਂ ‘ਦਾਗ਼ੀਆਂ’ ਨੂੰ ਪਾਰਟੀ ‘ਚ ਸ਼ਾਮਲ ਕਰਕੇ ਆਪਣੀ ਸਾਖ਼ ਖ਼ਰਾਬ ਨਹੀਂ ਕਰਨਾ ਚਾਹੁੰਦੀ। ਇਹ ਵੀ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਆਗੂਆਂ ਨੇ ਹੀ ਨਵੇਂ ਆ ਰਹੇ ਆਗੂਆਂ ਬਾਰੇ ‘ਸਾਰਾ ਕੁਝ’ ਭਾਜਪਾ ਲੀਡਰਸ਼ਿਪ ਨੂੰ ਦੱਸਿਆ। ਭਾਜਪਾ ਨੇ ਆਪਣੇ ਪੰਜਾਬ ਵਿਚਲੇ ਆਗੂਆਂ ਤੋਂ ਵੀ ਜਾਣਕਾਰੀ ਲਈ ਅਤੇ ਸੱਚਾਈ ਪਤਾ ਲੱਗਣ ‘ਤੇ ਇਨ੍ਹਾਂ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਨੂੰ ਬ੍ਰੇਕਾਂ ਲੱਗ ਗਈਆਂ। ਭਾਰਤੀ ਜਨਤਾ ਪਾਰਟੀ ਦਾ ਟੀਚਾ ਚਾਹੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਖ਼ੁਦ ਨੂੰ ਮਜ਼ਬੂਤ ਕਰਨ ਦਾ ਹੋਵੇ ਪਰ ਉਹ ਹੋਰ ਦਲਾਂ ਤੋਂ ਆਉਣ ਵਾਲੇ ਆਗੂਆਂ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਪਾਰਟੀ ਲੀਡਰਸ਼ਿਪ ਭਾਜਪਾ ‘ਚ ਸ਼ਾਮਲ ਹੋਣ ਦੇ ਇੱਛੁਕ ਹਰ ਵਿਰੋਧੀ ਧਿਰ ਨੇਤਾ ਦੀ ਪੂਰੀ ਪੜਤਾਲ ਕਰਵਾਉਣ ਤੋਂ ਬਾਅਦ ਹੀ ਅਜਿਹੇ ਨੇਤਾਵਾਂ ਨੂੰ ਸ਼ਾਮਲ ਕਰ ਰਹੀ ਹੈ। ਭਾਜਪਾ ਭ੍ਰਿਸ਼ਟ ਨੇਤਾਵਾਂ ਤੋਂ ਦੂਰੀ ਹੀ ਰੱਖਣਾ ਚਾਹੁੰਦੀ ਹੈ। ਹਰੇਕ ਲਈ ਭਾਜਪਾ ਦੇ ਦਰਵਾਜ਼ੇ ਖੁੱਲ੍ਹੇ ਨਹੀਂ ਹਨ, ਇਸ ਦਾ ਸੰਕੇਤ ਚਾਰ ਸੀਨੀਅਰ ਕਾਂਗਰਸ ਨੇਤਾਵਾਂ ਨੂੰ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਹਾਲ ਹੀ ‘ਚ ਦਿੱਤਾ, ਜਦੋਂ ਉਨ੍ਹਾਂ ਨੂੰ ਸ਼ਾਮਲ ਕਰਨ ‘ਚ ਪਾਰਟੀ ਨੇ ਅਸਮਰੱਥਤਾ ਜਤਾਈ। ਇਨ੍ਹਾਂ ‘ਚ ਇਕ ਆਗੂ ਮਾਝਾ ਤੋਂ ਅਤੇ ਤਿੰਨ ਮਾਲਵਾ ਤੋਂ ਸਨ ਪਰ ਇਨ੍ਹਾਂ ਦੀ ਜੋ ਰਿਪੋਰਟ ਭਾਜਪਾ ਨੂੰ ਮਿਲੀ, ਉਹ ਸਹੀ ਨਹੀਂ ਸੀ। ਇਨ੍ਹਾਂ ਵਿਚੋਂ 3 ਸਾਬਕਾ ਮੰਤਰੀ ਤੇ 1 ਮੰਤਰੀ ਪੱਧਰ ‘ਤੇ ਰਿਹਾ ਨੇਤਾ ਸ਼ਾਮਲ ਹੈ। ਇਨ੍ਹਾਂ ‘ਚ ਵੀ ਦੋ ਨੂੰ ਤਾਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਭਾਜਪਾ ਦੇ ਸਾਂਚੇ ‘ਚ ਉਹ ਫਿੱਟ ਨਹੀਂ ਬੈਠ ਰਹੇ। ਬਾਕੀ ਦੋ ਸਾਬਕਾ ਮੰਤਰੀਆਂ ਨੂੰ ਐਨ ਮੌਕੇ ‘ਤੇ ਭਾਜਪਾ ਨੇ ਇਨਕਾਰ ਕੀਤਾ ਸੀ।