ਆਸਟਰੇਲੀਆ ਦੇ ਇਕ ਪੇਂਡੂ ਖੇਤਰ ‘ਚ ਦੋ ਪੁਲੀਸ ਅਧਿਕਾਰੀਆਂ ਸਮੇਤ 6 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਅਧਿਕਾਰੀ ਇਕ ਲਾਪਤਾ ਵਿਅਕਤੀ ਦੀ ਸ਼ਿਕਾਇਤ ਦੀ ਜਾਂਚ ਦੇ ਸਬੰਧ ‘ਚ ਮੌਕੇ ‘ਤੇ ਪੁੱਜੇ ਸਨ। ਪੁਲੀਸ ਨੇ ਕਿਹਾ ਕਿ ਹਿੰਸਾ ਸੋਮਵਾਰ ਸ਼ਾਮ 5.45 ਵਜੇ ਦੇ ਕਰੀਬ ਹੋਈ ਜਦੋਂ 4 ਅਧਿਕਾਰੀ ਕੁਈਨਜ਼ਲੈਂਡ ਰਾਜ ‘ਚ ਇਕ ਰਿਮੋਟ ਪ੍ਰਾਪਰਟੀ ”ਤੇ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਵਿੰਬੀਲਾ ਦੇ ਇਕ ਪੇਂਡੂ ਖੇਤਰ ‘ਚ ਘੱਟੋ-ਘੱਟ ਦੋ ਹਮਲਾਵਰਾਂ ਨੇ ਪੁਲੀਸ ਅਧਿਕਾਰੀਆਂ ‘ਤੇ ਫਾਇਰਿੰਗ ਕੀਤੀ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਪਰ ਦੋ ਅਧਿਕਾਰੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਮੌਕੇ ‘ਤੇ ਹੀ ਦਮ ਤੋੜ ਗਏ। ਮੌਕੇ ‘ਤੇ ਮੌਜੂਦ ਇਕ ਹੋਰ ਵਿਅਕਤੀ ਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ। ਕੁਈਨਜ਼ਲੈਂਡ ਪੁਲੀਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਇਕ ਨਿਊਜ਼ ਕਾਨਫਰੰਸ ‘ਚ ਦੱਸਿਆ ਕਿ ਸ਼ੁਰੂਆਤੀ ਗੋਲੀਬਾਰੀ ‘ਚ ਇਕ ਹੋਰ ਅਧਿਕਾਰੀ ਨੂੰ ਗੋਲੀ ਲੱਗ ਗਈ ਸੀ, ਜਦਕਿ ਇਕ ਹੋਰ ਅਧਿਕਾਰੀ ਆਪਣੀ ਬਚਾਅ ਕੇ ਉਥੋਂ ਭੱਜਣ ‘ਚ ਕਾਮਯਾਬ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਵਿਸ਼ੇਸ਼ ਪੁਲੀਸ ਅਧਿਕਾਰੀਆਂ ਅਤੇ ਹਵਾਈ ਫ਼ੌਜ ਨੂੰ ਮਦਦ ਲਈ ਬੁਲਾਇਆ ਗਿਆ ਅਤੇ ਘਟਨਾ ਸਥਾਨ ਨੂੰ ਘੇਰ ਲਿਆ ਗਿਆ। ਇਸ ਤੋਂ ਬਾਅਦ ਰਾਤ 10.30 ਵਜੇ ਦੇ ਕਰੀਬ ਪੁਲੀਸ ਨਾਲ ਹੋਏ ਇਕ ਹੋਰ ਮੁਕਾਬਲੇ ‘ਚ ਦੋ ਪੁਰਸ਼ ਅਤੇ ਇਕ ਔਰਤ ਮਾਰੇ ਗਏ। ਕੈਰੋਲ ਨੇ ਕਿਹਾ, ‘ਬਦਕਿਸਮਤੀ ਨਾਲ ਇਹ ਹਾਲ ਹੀ ਦੇ ਸਮੇਂ ‘ਚ ਕਿਸੇ ਇਕ ਘਟਨਾ ‘ਚ ਮੌਤਾਂ ਦੀ ਸਭ ਤੋਂ ਵੱਧ ਸੰਖਿਆ ਹੈ।’ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ‘ਵਿੰਬਿਲਾ ‘ਚ ਭਿਆਨਕ ਦ੍ਰਿਸ਼। ਕੁਈਨਜ਼ਲੈਂਡ ਪੁਲੀਸ ਅਫਸਰਾਂ ਦੇ ਪਰਿਵਾਰਾਂ ਅਤੇ ਦੋਸਤਾਂ ਲਈ ਇਕ ਦਿਲ ਦਹਿਲਾਉਣ ਵਾਲਾ ਦਿਨ, ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀ ਜਾਨ ਗਵਾਈ।’ ਅਲਬਾਨੀਜ਼ ਨੇ ਟਵੀਟ ਕੀਤਾ, ‘ਮੇਰੇ ਵਿਚਾਰ ਸਾਰੇ ਸੋਗ ‘ਚ ਡੁੱਬੇ ਲੋਕਾਂ ਦੇ ਨਾਲ ਹਨ, ਆਸਟਰੇਲੀਆ ਇਸ ਦੁੱਖ ‘ਚ ਤੁਹਾਡੇ ਨਾਲ ਹੈ।’