ਆਇਰਲੈਂਡ ਨੇ ਟੀ-20 ਵਰਲਡ ਕੱਪ ਦੇ ਸ਼ੁਰੂਆਤੀ ਦੌਰ ‘ਚ ਦੋ ਵਾਰ ਦੀ ਚੈਂਪੀਅਨ ਵੈਸਟ ਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਸੁਪਰ 12 ‘ਚ ਥਾਂ ਬਣਾ ਲਈ ਹੈ। ਸਲਾਮੀ ਬੱਲੇਬਾਜ਼ ਪਾਲ ਸਟਰਲਿੰਗ ਨੇ 48 ਗੇਂਦਾਂ ‘ਚ 66 ਦੌੜਾਂ ਬਣਾਈਆਂ। ਵੈਸਟ ਇੰਡੀਜ਼ ਦੀਆਂ ਪੰਜ ਵਿਕਟਾਂ ‘ਤੇ 146 ਦੌੜਾਂ ਦੇ ਜਵਾਬ ‘ਚ ਆਇਰਲੈਂਡ ਨੇ 15 ਗੇਂਦਾਂ ਬਾਕੀ ਰਹਿੰਦਿਆਂ ਇਕ ਵਿਕਟ ‘ਤੇ 150 ਦੌੜਾਂ ਬਣਾ ਲਈਆਂ। ਸਟਰਲਿੰਗ ਨੇ ਕਪਤਾਨ ਐਂਡੀ ਬਲਬੀਰਨੀ (37) ਨਾਲ ਪਹਿਲੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਉਸ ਨੇ ਲੋਰਕਨ ਟਕਰ ਨਾਲ 77 ਦੌੜਾਂ ਦੀ ਅਟੁੱਟ ਸਾਂਝੇਦਾਰੀ ਵੀ ਕੀਤੀ। ਟਕਰ ਨੇ ਨਾਬਾਦ 45 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੇ ਕਪਤਾਨ ਨਿਕੋਲਸ ਪੂਰਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਦੇ ਬੱਲੇਬਾਜ਼ ਟਿਕ ਨਹੀਂ ਸਕੇ। ਬ੍ਰੈਂਡਨ ਕਿੰਗ ਨੇ 48 ਗੇਂਦਾਂ ‘ਚ ਸਭ ਤੋਂ ਵੱਧ 62 ਦੌੜਾਂ ਬਣਾਈਆਂ। ਇਹ ਟੂਰਨਾਮੈਂਟ ਵੈਸਟ ਇੰਡੀਜ਼ ਲਈ ਇਕ ਡਰਾਉਣਾ ਸੁਪਨਾ ਸਾਬਤ ਹੋਇਆ ਜਿਸ ‘ਚ ਉਹ ਪਹਿਲੇ ਹੀ ਮੈਚ ‘ਚ ਸਕਾਟਲੈਂਡ ਹੱਥੋਂ ਹਾਰ ਗਿਆ ਸੀ। ਆਇਰਲੈਂਡ ਲਈ ਸਪਿਨਰ ਜੈਰੇਥ ਡੇਲਾਨੀ ਨੇ ਟੀ-20 ਦਾ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਡੇਲਾਨੀ ਨੇ ਕਿਹਾ, ‘ਸਾਡਾ ਸੁਪਨਾ ਸੱਚ ਹੋ ਗਿਆ ਹੈ। ਅਸੀਂ ਸਾਰੇ ਬਹੁਤ ਖੁਸ਼ ਹਾਂ। ਇਹ ਸਾਡੇ ਲਈ ਯਾਦਗਾਰ ਦਿਨ ਹੈ।’ ਗਰੁੱਪ ਬੀ ਦੀਆਂ ਸਾਰੀਆਂ ਚਾਰ ਟੀਮਾਂ ਇਕ ਜਿੱਤ ਅਤੇ ਇਕ ਹਾਰ ਨਾਲ ਦੌੜ ‘ਚ ਸਨ।