ਆਈ.ਪੀ.ਐੱਲ. ‘ਚ ਸਭ ਤੋਂ ਮੈਚ ਖੇਡਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੱਲੋਂ 2020 ‘ਚ ਇੰਟਰਨੈਸ਼ਨਲ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਤੋਂ ਉਹ ਸਿਰਫ਼ ਆਈ.ਪੀ.ਐੱਲ. ‘ਚ ਹੀ ਖੇਡਦੇ ਨਜ਼ਰ ਆ ਰਹੇ ਹਨ। ਪਰ ਦੂਜੇ ਪਾਸੇ 2020 ਤੋਂ ਹੀ ਉਨ੍ਹਾਂ ਦੇ ਆਈ.ਪੀ.ਐੱਲ. ਤੋਂ ਵੀ ਸੰਨਿਆਸ ਲੈਣ ਦੀਆਂ ਕਿਆਸਰਾਈਆਂ ਚੱਲ ਰਹੀਆਂ ਹਨ। ਆਈ.ਪੀ.ਐੱਲ. ਦੇ ਮੌਜੂਦਾ ਸੈਸ਼ਨ ਨੂੰ ਉਨ੍ਹਾਂ ਦਾ ਅਖ਼ੀਰਲਾ ਸੈਸ਼ਨ ਮੰਨਿਆ ਜਾ ਰਿਹਾ ਹੈ। ਹੁਣ ਇਸ ਵਿਚਾਲੇ ਧੋਨੀ ਦਾ ਬਿਆਨ ਸਾਹਮਣੇ ਆਇਆ ਹੈ। ਇੰਟਰਨੈਸ਼ਨਲ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਚੁੱਕੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੈਸ਼ਨ ‘ਚ ਵੀ ਨਜ਼ਰ ਆ ਸਕਦੇ ਹਨ। ਇਕਾਨਾ ਸਟੇਡੀਅਮ ‘ਤੇ ਲਖਨਊ ਸੂਪਰ ਜਾਇੰਟਸ ਦੇ ਖ਼ਿਲਾਫ਼ ਟਾੱਸ ਜਿੱਤਣ ਤੋਂ ਬਾਅਦ ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਨਿਊਜ਼ੀਲੈਂਡ ਦੇ ਸਾਬਕਾ ਧਾਕੜ ਗੇਂਦਬਾਜ਼ ਡੈਨੀ ਮਾਰਸਨ ਨੇ ਮਜ਼ਾਕੀਆਂ ਅੰਦਾਜ਼ ‘ਚ ਧੋਨੀ ਤੋਂ ਪੁੱਛਿਆ, ‘ਕੀ ਤੁਸੀਂ ਆਈ.ਪੀ.ਐੱਲ. ਦੇ ਆਪਣੇ ਅਖ਼ੀਰਲੇ ਸੈਸ਼ਨ ਦਾ ਮਜ਼ਾ ਲੈ ਰਹੇ ਹੋ?’ ਇਸ ‘ਤੇ ਹਾਜ਼ਰ ਜਵਾਬ ਧੋਨੀ ਨੇ ਮੂੰਹ ‘ਤੇ ਮੁਸਕਾਨ ਦੇ ਨਾਲ ਜਵਾਬ ਦਿੱਤਾ, ‘ਇਹ ਤੁਸੀਂ ਸੋਚਿਆ ਹੈ ਕਿ ਇਹ ਮੇਰਾ ਅਖ਼ੀਰਲਾ ਆਈ.ਪੀ.ਐੱਲ. ਹੈ। ਮੈਂ ਫ਼ਿਲਹਾਲ ਹਾਲੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ।’ ਜ਼ਿਕਰਯੋਗ ਹੈ ਕਿ ਧੋਨੀ ਨੇ 15 ਅਗਸਤ 2020 ਨੂੰ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਤੋਂ ਉਨ੍ਹਾਂ ਦੇ ਆਈ.ਪੀ.ਐੱਲ. ਤੋਂ ਵੀ ਸੰਨਿਆਸ ਲੈਣ ਦੀਆਂ ਕਿਆਸਰਾਈਆਂ ਸ਼ੁਰੂ ਹੋ ਚੁੱਕੀਆਂ ਹਨ। ਇਕਾਨਾ ਸਟੇਡੀਅਮ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਪ੍ਰਸ਼ੰਸਕ ਧੋਨੀ ਦੀ ਹੌਸਲਾ-ਅਫਜ਼ਾਈ ਕਰਨ ਆਏ ਸਨ। 7 ਜੁਲਾਈ ਨੂੰ ਧੋਨੀ 42 ਸਾਲ ਦੀ ਉਮਰ ਪੂਰੀ ਕਰ ਲੈਣਗੇ।