ਪੰਜਾਬ ਪੁਲੀਸ ਵੱਲੋਂ ਭਗੌੜੇ ਐਲਾਨੇ ਅੰਮ੍ਰਿਤਪਾਲ ਸਿੰਘ ਦੀ ਹਮਾਇਤ ‘ਚ ਵੱਡੀ ਗਿਣਤੀ ‘ਚ ਇਕੱਠੇ ਹੋਏ ਖਾਲਿਸਤਾਨ ਪੱਖੀਆਂ ਨੇ ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ ‘ਤੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਰਿਚਮੰਡ ਹਿੱਲ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਕਾਰ ਰੈਲੀ ਕੱਢੀ ਜੋ ਕਿ ਮੈਨਹੱਟਨ ਸ਼ਹਿਰ ਦੇ ਕੇਂਦਰ ‘ਚ ਸਥਿਤ ਟਾਈਮਜ਼ ਸਕੁਏਅਰ ਉਤੇ ਆ ਕੇ ਮੁੱਕੀ। ਇਸ ਮੌਕੇ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਵੇਰਵਿਆਂ ਮੁਤਾਬਕ ਕਾਰਾਂ ਦਾ ਇਕ ਵੱਡਾ ਕਾਫ਼ਲਾ ਉੱਚੇ ਸੰਗੀਤ ਤੇ ਹਾਰਨਾਂ ਨਾਲ ਸਕੁਏਅਰ ‘ਤੇ ਪਹੁੰਚਿਆ। ਟਰੱਕਾਂ ਉਤੇ ਐੱਲ.ਈ.ਡੀ. ਮੋਬਾਈਲ ਬਿਲਬੋਰਡ ਲਾਏ ਗਏ ਸਨ ਜਿਨ੍ਹਾਂ ‘ਤੇ ਅੰਮ੍ਰਿਤਪਾਲ ਦੀ ਤਸਵੀਰ ਚਲਾਈ ਜਾ ਰਹੀ ਸੀ। ਇਸ ਮੌਕੇ ਨਿਊਯਾਰਕ ਦੀ ਇਸ ਮਸ਼ਹੂਰ ਸੈਰਗਾਹ ਉਤੇ ਵੱਡੀ ਗਿਣਤੀ ‘ਚ ਪੁਰਸ਼, ਔਰਤਾਂ ਤੇ ਬੱਚੇ ਇਕੱਠੇ ਹੋਏ ਸਨ। ਉਨ੍ਹਾਂ ਕੋਲ ਖਾਲਿਸਤਾਨ ਦੇ ਝੰਡੇ ਸਨ ਤੇ ਉਹ ਰੈਲੀ ‘ਚ ਨਾਅਰੇਬਾਜ਼ੀ ਕਰ ਰਹੇ ਸਨ। ਕਾਰਾਂ ਸ਼ਹਿਰ ਦੀਆਂ ਕਈ ਗਲੀਆਂ ‘ਚ ਘੁੰਮ ਕੇ ਟਾਈਮਜ਼ ਸਕੁਏਅਰ ਪਹੁੰਚੀਆਂ। ਮੁਜ਼ਾਹਰਾਕਾਰੀਆਂ ਨੇ ਹੱਥਾਂ ‘ਚ ਬੈਨਰ ਫੜੇ ਹੋਏ ਸਨ ਜਿਨ੍ਹਾਂ ‘ਤੇ ‘ਫਰੀ ਅੰਮ੍ਰਿਤਪਾਲ’ ਲਿਖਿਆ ਹੋਇਆ ਸੀ। ਉਨ੍ਹਾਂ ਭਾਰਤ ਵਿਰੋਧੀ ਨਾਅਰੇ ਵੀ ਲਾਏ ਗਏ। ਟਾਈਮਜ਼ ਸਕੁਏਅਰ ਦੇ ਇਕ ਬਿਲਬੋਰਡ ਉਤੇ ਇਸ ਮੌਕੇ ਅੰਮ੍ਰਿਤਪਾਲ ਦੀ ਤਸਵੀਰ ਵੀ ਚਲਾਈ ਗਈ। ਨਿਊਯਾਰਕ ਪੁਲੀਸ ਵਿਭਾਗ ਵੱਲੋਂ ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੁਲੀਸ ਦੀਆਂ ਕਈ ਵੈਨਾਂ ਤੇ ਕਾਰਾਂ ਮੌਕੇ ਉਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਸ਼ਿੰਗਟਨ ਤੇ ਸਾਂ ਫਰਾਂਸਿਸਕੋ ‘ਚ ਵੀ ਰੋਸ ਮੁਜ਼ਾਹਰੇ ਹੋ ਚੁੱਕੇ ਹਨ। ਲੰਡਨ ਤੇ ਸਾਂ ਫਰਾਂਸਿਸਕੋ ‘ਚ ਭਾਰਤੀ ਦੂਤਾਵਾਸ ਦੀਆਂ ਇਮਾਰਤਾਂ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ ਸੀ।