ਪ੍ਰਵਾਸੀ ਪੰਜਾਬੀਆਂ ਵੱਲੋਂ ਚਿਰਾਂ ਤੋਂ ਉਡੀਕੀ ਜਾ ਰਹੀ ਟੋਰਾਂਟੋ ਤੋਂ ਅੰਮ੍ਰਿਤਸਰ ਦੀ ਫਲਾਈਟ ਦੀ ਇੱਛਾ ਪੂਰੀ ਹੋ ਗਈ ਹੈ ਕਿਉਂਕਿ ਇਟਲੀ ਦੀ ਨਿਓਸ ਏਅਰਲਾਈਨ ਵੱਲੋਂ ਰੋਮ, ਮਿਲਾਨ ਤੋਂ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਵਿਸ਼ੇਸ਼ ਹਵਾਈ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵਿਸ਼ੇਸ਼ ਉਡਾਣ ਸ਼ੁਰੂ ਹੋਣ ਨਾਲ ਇਟਲੀ ਵਸਦੇ ਭਾਰਤੀਆਂ ਦਾ ਸੁਫ਼ਨਾ ਸੱਚ ਹੋ ਗਿਆ। ਇਸ ਨਾਲ ਇਟਲੀ ਤੋਂ ਇਲਾਵਾ ਕੈਨੇਡਾ ਅਤੇ ਇੰਡੀਆ ‘ਚ ਰਹਿੰਦੇ ਇੰਡੀਅਨ ਲੋਕਾਂ ‘ਚ ਖੁਸ਼ੀ ਹੈ। ਫਲਾਈਟ ਟੋਰਾਂਟੋਂ ਤੋਂ ਚੱਲ ਕੇ ਮਿਲਾਨ ਹੁੰਦੀ ਹੋਈ ਅੰਮ੍ਰਿਤਸਰ ਆਵੇਗੀ ਅਤੇ ਇਸੇ ਤਰ੍ਹਾਂ ਵਾਪਸੀ ‘ਤੇ ਅੰਮ੍ਰਿਤਸਰ ਤੋਂ ਚੱਲ ਕੇ ਮਿਲਾਨ ਹੁੰਦੀ ਹੋਈ ਟੋਰਾਂਟੋ ਪੁੱਜੇਗੀ। ਭਾਰਤੀ ਅੰਬੈਂਸੀ ਰੋਮ ਦੀ ਸਤਿਕਾਰਤ ਰਾਜਦੂਤ ਡਾ. ਨੀਨਾ ਮਲਹੋਤਰਾ ਨੇ ਲਿਓਨਾਰਦੋ ਦ ਵਿਨਚੀ ਫਿਊਮੀਚੀਨੋ ਰੋਮ ਵਿਖੇ ਨਿਓਸ ਏਅਰ ਲਾਈਨ ਵੱਲੋਂ ਰੋਮ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ੁਰੂ ਹੋਈ ਵਿਸ਼ੇਸ਼ ਉਡਾਣ ਦੇ ਉਦਘਾਟਨੀ ਸਮਾਰੋਹ ਮੌਕੇ ਹਾਜ਼ਰੀਨ ਭਾਰਤੀ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨਾਲ ਕੀਤਾ। ਨੀਨਾ ਮਲਹੋਤਰਾ ਨੇ ਕਿਹਾ ਕਿ ਹਰ ਸਾਲ 30 ਮਿਲੀਅਨ ਭਾਰਤੀ ਭਾਰਤ ਤੋਂ ਹਵਾਈ ਸਫ਼ਰ ਕਰਦੇ ਹਨ, ਜਿਨ੍ਹਾਂ ਨੂੰ ਇਸ ਸੇਵਾ ਦਾ ਵੱਡਾ ਲਾਭ ਹੋਵੇਗਾ। ਇਸ ਸਮਾਰੋਹ ਦਾ ਉਦਘਾਟਨ ਡਾ. ਨੀਨਾ ਮਲਹੋਤਰਾ ਨੇ ਕੀਤਾ ਜਦੋਂ ਕਿ ਇਸ ਸਮਾਰੋਹ ਦੌਰਾਨ ਕੇਕ ਕੱਟਣ ਦੀ ਰਸਮ ਡਾ. ਨੀਨਾ ਮਲਹੋਤਰਾ ਤੇ ਨਿਓਸ ਏਅਰ ਲਾਈਨ ਦੇ ਐੱਸ.ਐੱਮ. ਲੁਕਾ ਕੰਪਾਨਾਤੀ ਨੇ ਸਾਂਝੇ ਤੌਰ ਅਦਾ ਕੀਤੀ। ਨਿਓਸ ਏਅਰ ਲਾਈਨ ਸੰਬਧੀ ਲੁਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਉਡਾਣ 5 ਅਪ੍ਰੈਲ ਤੋਂ ਪਹਿਲੀ ਵਾਰ ਸ਼ੁਰੂ ਹੋਈ ਹੈ ਜਿਸ ਨੂੰ 787-900 ਡਰੀਮਲਾਈਨਰ ਕਿਹਾ ਜਾਂਦਾ ਹੈ। ਜਿਹੜੀ ਆਧੁਨਿਕ ਸੁੱਖ ਸਹੂਲਤਾਂ ਨਾਲ ਭਰਪੂਰ ਹੈ ਅਤੇ ਜਿਸ ‘ਚ 350 ਯਾਤਰੀ ਸਫ਼ਰ ਕਰਨਗੇ। ਨਿਓਸ ਏਅਰ ਲਾਈਨ ਇਸ ਸਮੇਂ ਦੁਨੀਆਂ ਦੇ 53 ਦੇਸ਼ਾਂ ‘ਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਇਸੇ ਤਰ੍ਹਾਂ ਟੋਰਾਂਟੋ ‘ਚ ਵੀ ਇਸ ਦੀ ਸ਼ੁਰੂਆਤ ਮੌਕੇ ਨਿਓਸ ਏਅਰਲਾਈਨ ਦੇ ਅਧਿਕਾਰੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।