ਨੀਦਰਲੈਂਡ ਤੇ ਸੇਨੇਗਲ ਨੇ ਗਰੁੱਪ-ਏ ਦੇ ਆਪਣੇ ਆਖਰੀ ਲੀਗ ਮੈਚ ‘ਚ ਜਿੱਤਾਂ ਦਰਜ ਕਰਕੇ ਫੀਫਾ ਵਰਲਡ ਕੱਪ ਫੁੱਟਬਾਲ ਟੂਰਨਾਮੈਂਟ ਦੇ ਆਖਰੀ-16 ‘ਚ ਜਗ੍ਹਾ ਬਣਾ ਲਈ ਹੈ। ਨੀਦਰਲੈਂਡ ਨੇ ਮੇਜ਼ਬਾਨ ਕਤਰ ਨੂੰ 2-0 ਨਾਲ ਹਰਾਇਆ ਜਦਕਿ ਸੇਨੇਗਲ ਨੇ ਇਕਵਾਡੋਰ ਨੂੰ 2-1 ਨਾਲ ਹਰਾਇਆ। ਕਤਰ ਵਰਲਡ ਕੱਪ ਫੁੱਟਬਾਲ ਦੇ ਇਤਿਹਾਸ ‘ਚ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਗਰੁੱਪ ਗੇੜ ਦੇ ਆਪਣੇ ਤਿੰਨੇ ਮੈਚ ਗੁਆਏ ਹਨ। ਨੀਦਰਲੈਂਡ ਦੋ ਜਿੱਤਾਂ ਤੇ ਇਕ ਡਰਾਅ ਦੇ ਨਾਲ 7 ਅੰਕ ਲੈ ਕੇ ਗਰੁੱਪ ‘ਚ ਚੋਟੀ ‘ਤੇ ਰਿਹਾ ਜਦਕਿ ਸੇਨੇਗਲ ਨੇ 2 ਜਿੱਤਾਂ ਤੋਂ 6 ਅੰਕ ਬਣਾਏ ਤੇ ਉਹ ਦੂਜੇ ਸਥਾਨ ‘ਤੇ ਰਿਹਾ। ਇਕਵਾਡੋਰ ਨੂੰ ਇਸ ਮੈਚ ‘ਚ ਡਰਾਅ ਦੀ ਲੋੜ ਸੀ ਪਰ ਹਾਰ ਦੇ ਕਾਰਨ ਉਹ 4 ਅੰਕਾਂ ਨਾਲ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਨੀਦਰਲੈਂਡ ਨੇ ਕਤਰ ਵਿਰੁੱਧ ਦੋਵੇਂ ਹਾਫ ‘ਚ ਇਕ-ਇਕ ਗੋਲ ਕੀਤਾ। ਉਸ ਨੂੰ ਕੋਡੀ ਗਕਪੋ ਨੇ 26ਵੇਂ ਮਿੰਟ ‘ਚ ਬੜ੍ਹਤ ਦਿਵਾਈ ਜਦਕਿ ਫ੍ਰੈਂਕੀ ਡੀ ਜੋਂਗ ਨੇ 49ਵੇਂ ਮਿੰਟ ‘ਚ ਟੀਮ ਲਈ ਦੂਜਾ ਗੋਲ ਕੀਤਾ। ਉੱਧਰ ਸੇਨੇਗਲ ਵੱਲੋਂ ਇਸਮਾਲਿਆ ਸਾਰ ਨੇ 44ਵੇਂ ਮਿੰਟ ‘ਚ ਪੈਨਲਟੀ ਨੂੰ ਗੋਲ ‘ਚ ਬਦਲਿਆ। ਉਸਦੇ ਲਈ ਦੂਜਾ ਗੋਲ ਕਾਲਿਬੂ ਕੋਲਿਬਾਲੀ ਨੇ 69ਵੇਂ ਮਿੰਟ ‘ਚ ਕੀਤਾ। ਇਕਵਾਡੋਰ ਲਈ ਇਕਲੌਤਾ ਗੋਲ ਮੋਏਜੇਸ ਕੈਸੀਡੋ ਨੇ 67ਵੇਂ ਮਿੰਟ ‘ਚ ਕੀਤਾ। ਨੀਦਰਲੈਂਡ ਦੂਜੇ ਦੌਰ ‘ਚ ਗਰੁੱਪ-ਬੀ ਤੋਂ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਜਦਕਿ ਸੇਨੇਗਲ ਗਰੁੱਪ-ਬੀ ਦੀ ਜੇਤੂ ਟੀਮ ਨਾਲ ਭਿੜੇਗੀ। ਅਲ ਖੋਰ ‘ਚ ਖੇਡੇ ਗਏ ਮੈਚ ‘ਚ ਕਤਰ ਨੇ ਸ਼ੁਰੂ ‘ਚ ਨੀਦਰਲੈਂਡ ਨੂੰ ਬੰਨ੍ਹੀ ਰੱਖਿਆ ਪਰ ਕੋਡੀ ਕਗਪੋ ਨੇ ਪਿਛਲੇ ਦੋ ਮੈਚਾਂ ਦੀ ਤਰ੍ਹਾਂ ਫਿਰ ਤੋਂ ਆਪਣੀ ਟੀਮ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਉਹ ਨੀਦਰਲੈਂਡ ਦਾ ਚੌਥਾ ਅਜਿਹਾ ਖਿਡਾਰੀ ਬਣ ਗਿਆ ਜਿਸ ਨੇ ਵਰਲਡ ਕੱਪ ‘ਚ ਲਗਾਤਾਰ ਤਿੰਨ ਮੈਚਾਂ ‘ਚ ਗੋਲ ਕੀਤੇ। ਉਸ ਤੋਂ ਪਹਿਲਾਂ ਜੋਹਾਨ ਨੀਸਕੇਨਸ (1974), ਡੇਨਿਸ ਬਰਗਕੈਂਪ (1994) ਤੇ ਵੇਸਲੇ ਸਨੇਜਿਡਰ (2010) ਨੇ ਇਹ ਕਾਰਨਾਮਾ ਕੀਤਾ। ਡੈਵੀ ਕਲਾਸੇਨ ਨੇ ਮੂਵ ਬਣਾ ਕੇ ਗਕਪੋ ਵੱਲ ਬਾਲ ਵਧਾਈ ਜਿਸ ਨੇ ਉਸ ਨੂੰ ਗੋਲ ‘ਚ ਪਾਉਣ ‘ਚ ਕੋਈ ਗਲਤੀ ਨਹੀਂ ਕੀਤਾ। ਇਸ ਗੋਲ ਦੇ ਨਾਲ ਗਕਪੋ ਇਟਲੀ ਦੇ ਅਲੇਸੈਂਡ੍ਰੋ ਅਲਟੋਬੇਲੀ (1986) ਤੋਂ ਬਾਅਦ ਦੂਜਾ ਖਿਡਾਰੀ ਬਣ ਗਿਆ ਹੈ ਜਿਸ ਨੇ ਗਰੁੱਪ ਗੇੜ ਦੇ ਤਿੰਨ ਮੈਚਾਂ ‘ਚ ਆਪਣੀ ਟੀਮ ਵਲੋਂ ਪਹਿਲਾ ਗੋਲ ਕੀਤਾ। ਨੀਦਰਲੈਂਡ ਪਹਿਲੇ ਹਾਫ ‘ਚ ਹਾਵੀ ਰਿਹਾ ਤੇ ਉਸ ਨੇ ਕੁਝ ਚੰਗੇ ਮੂਵ ਬਣਾਏ। ਕਤਰ ਨੇ ਵੀ ਇਕ-ਦੋ ਮੌਕਿਆਂ ‘ਤੇ ਚੁਣੌਤੀ ਪੇਸ਼ ਕੀਤੀ ਪਰ ਉਹ ਕਿਸੇ ਵੀ ਸਮੇਂ ਗੋਲ ਕਰਨ ਦੀ ਸਥਿਤੀ ‘ਚ ਨਹੀਂ ਦਿਸੀ। ਨੀਦਰਲੈਂਡ ਨੇ ਦੂਜਾ ਹਾਫ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਹੀ ਆਪਣੀ ਬੜ੍ਹਤ 2-0 ਕਰ ਦਿੱਤੀ। ਉਸ ਵਲੋਂ ਇਹ ਗੋਲ ਡੀ ਜੋਂਗ ਨੇ ਰਿਬਾਊਂਡ ‘ਤੇ ਕੀਤਾ। ਕਲਾਸੇਨ ਦੇ ਕ੍ਰਾਸ ‘ਤੇ ਡੀਪੇ ਨੇ ਸ਼ਾਟ ਲਾਈ ਜਿਸ ਨੂੰ ਕਤਰ ਦੇ ਗੋਲਕੀਪਰ ਬਰਸ਼ਾਮ ਨੇ ਰੋਕ ਦਿੱਤਾ ਪਰ ਗੇਂਦ ਡੀ ਜੋਂਗ ਦੇ ਕੋਲ ਪਹੁੰਚ ਗਈ। ਉਸ ਦੇ ਸਾਹਮਣੇ ਤਦ ਕੋਈ ਖਿਡਾਰੀ ਨਹੀਂ ਸੀ ਤੇ ਉਸ ਨੇ ਆਸਾਨੀ ਨਾਲ ਗੋਲ ਕਰ ਦਿੱਤਾ।